ਗੁਰਦਾਸਪੁਰ. ਜ਼ਿਲਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ, ਸਗੋਂ ਨਾੜ ਨੂੰ ਜ਼ਮੀਨ ਵਿਚ ਹੀ ਵਾਹੁਣ। ਡੀਸੀ ਨੇ ਕਿਸਾਨਾਂ ਨੂੰ ਕਿਹਾ ਕਿ ਨਾੜ ਨੂੰ ਅੱਗ ਲਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਓਥੇ ਧਰਤੀ ਦੀ ਉਪਜਾਊ ਸ਼ਕਤੀ ਵੀ ਖਤਮ
ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ‘ਤੇ ਖੇਤੀਬਾੜੀ ਵਿਭਾਗ ਪੰਜਾਬ ਨੇ
ਕਿਸਾਨਾਂ ਨੂੰ ਗੈਰ ਬਾਸਮਤੀ (ਪਰਮਲ) ਦੀਆਂ ਪੀਆਰ-128 ਅਤੇ ਪੀਆਰ-129 ਕਿਸਾਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ, ਜੋ ਫਸਲ ਦੇ ਛੇਤੀ ਪੱਕਣ, ਪਾਣੀ ਦੀ ਘੱਟ ਖਪਤ ਅਤੇ ਪਰਾਲੀ ਨੂੰ ਸਾੜੇ ਬਿਨਾਂ ਢੁੱਕਵੇਂ ਪ੍ਰਬੰਧਨ ਦੀਆਂ ਆਪਣੀਆਂ ਵਿਲੱਖਣ ਵਿਸ਼ੇਸਤਾਵਾਂ ਕਰਕੇ ਕਾਫ਼ੀ ਕਾਰਗਰ ਹਨ।
ਉਨਾਂ ਕਿਸਾਨਾਂ ਨੂੰ ਖੇਤਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀ ਅਪੀਲ ਕੀਤੀ।ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 16 ਮਈ ਤਕ 492898 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 492170
ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਉਨਾਂ ਦੱਸਿਆ ਕਿ 880 ਕਰੋੜ 81 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ 94 ਫੀਸਦ ਬਣਦੀ ਹੈ ਅਤੇ ਮੰਡੀਆਂ ਵਿਚੋਂ 93 ਫੀਸਦ ਫਸਲ ਦੀ ਚੁਕਾਈ ਵੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗਰੇਨ ਵਲੋਂ 137386, ਮਾਰਕਫੈੱਡ ਵਲੋਂ 102169, ਪਨਸਪ ਵਲੋਂ 100198, ਵੇਅਰਹਾਊਸ ਵਲੋਂ 92968, ਐਫ.ਸੀ.ਆਈ ਵਲੋਂ 57707 ਅਤੇ ਵਪਾਰੀਆਂ ਵਲੋਂ 1742 ਮੀਟਰਕ ਟਨ ਦੀ ਖਰੀਦ ਕੀਤੀ ਗਈ ਹੈ।