ਅੱਜ ਕਿਸਾਨ ਜਥੇਬੰਦੀਆਂ ਰੇਲ੍ਹਾਂ ਤੇ ਸੜਕਾਂ ਦੋਵੇਂ ਜਾਮ ਕਰਨਗੀਆਂ, ਮਾਮਲਾ ਕੇਂਦਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਦਾ

0
5561

ਜਲੰਧਰ | ਅੱਜ ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਜਾਮ ਕਰਨਗੀਆਂ। ਇਹ ਸਾਰਾ ਮੋਰਚਾ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨ੍ਹਣ ਲਈ ਖੋਲ੍ਹਿਆ ਜਾ ਰਿਹਾ ਹੈ। ਬੀਕੇਯੂ (ਉਗਰਾਹਾਂ) ਨੇ ਰੇਲਾਂ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਚੱਕਾ ਜਾਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਕਿਸਾਨੀ ਮੰਗਾਂ ਤੇ ਦਿੱਲੀ ਕਿਸਾਨ ਅੰਦੋਲਨ ਮੁਲਤਵੀ ਕਰਨ ਉਪਰੰਤ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਜਿੱਥੇ ਦੇਸ਼ ਦੇ ਹੋਰ ਸੂਬਿਆਂ ਅੰਦਰ ਸੜਕੀ ਆਵਾਜਾਈ ਬੰਦ ਕਰਕੇ ਚੱਕਾ ਜਾਮ ਕੀਤਾ ਜਾਵੇਗਾ, ਉਥੇ ਪੰਜਾਬ ਅੰਦਰ ‘ਰੇਲਵੇ ਟਰੈਕ’ ਰੋਕੇ ਜਾਣਗੇ।

ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਨੂੰ ‘ਰੇਲ ਰੋਕੋ’ ਅੰਦੋਲਨ ਦੌਰਾਨ ਰੇਲਵੇ ਦੇ ਸਟਾਫ ਮੈਂਬਰਾਂ ਜਾਂ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦੇਣ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਜਾਣਗੀਆਂ।