ਪੰਜਾਬ ‘ਚ ਵੱਡਾ ਹੋ ਰਿਹਾ ਕਿਸਾਨਾਂ ਦਾਂ ਸੰਕਟ, ਕੋਰੋਨਾ ਨੇ ਫੇਰਿਆ ਕਣਕ ਦੀ ਵਾਢੀ ਤੇ ਵਿਸਾਖੀ ਦੀਆਂ ਖੁਸ਼ੀਆਂ ‘ਤੇ ਪਾਣੀ

    0
    1895

    ਗੁਰਪ੍ਰੀਤ ਡੈਨੀ | ਜਲੰਧਰ

    ਕੋਰੋਨਾ ਕਾਰਨ ਸੂਬੇ ਦੇ ਕਿਸਾਨਾਂ ਦੀ ਵਿਸਾਖੀ ਇਸ ਵਾਰ ਸੰਕਟ ਵਿੱਚ ਹੈ। ਜਿਸਦਾ ਕਾਰਨ ਪੂਰੀ ਦੁਨੀਆ ਦੇ ਲੋਕਾਂ ਲਈ ਕਾਲ ਬਣ ਕੇ ਖੜ੍ਹੀ ਕੋਰੋਨਾ ਮਹਾਂਮਾਰੀ ਹੈ। ਇਸ ਮਹਾਂਮਾਰੀ ਨੇ ਜਿੱਥੇ ਦੇਸ਼-ਵਿਦੇਸ਼ ਦੇ ਉਦਯੋਗਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ, ਉੱਥੋ ਪੰਜਾਬ ਦਾ ਕਿਸਾਨ ਵੀ ਇਸ ਦੀ ਲਪੇਟ ਵਿਚ ਆਇਆ ਹੈ। ਪਹਿਲਾਂ ਅਪ੍ਰੈਲ ਚੜ੍ਹਦਿਆਂ ਹੀ ਕਿਸਾਨਾਂ ਦੀ ਮੰਡੀਆਂ ਵਿਚ ਭਰਮਾਰ ਲੱਗ ਜਾਂਦੀ ਸੀ, ਸੋਨੇ ਵਰਗੀ ਕਣਕ ਦੇ ਢੇਰ ਲੱਗ ਜਾਂਦੇ ਸਨ। ਕਣਕ ਦੀ ਵਾਢੀ ਦੀ ਖੁਸ਼ੀ ਵਿੱਚ ਵਿਸਾਖੀ ਦੇ ਮੇਲ ਲੱਗਦੇ ਸਨ, ਪਰ ਕੋਰੋਨਾ ਕਾਰਨ ਇਸ ਵਾਰ ਦੀ ਤਸਵੀਰ ਕੁਝ ਹੋਰ ਹੀ ਹੋਣ ਵਾਲੀ ਹੈ। ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ, ਜਿਸ ਕਾਰਨ ਮੰਡੀਆਂ ਬੰਦ ਪਈਆਂ ਹਨ।

    ਲੇਬਰ ਦੀ ਘਾਟ ਅਤੇ ਸੋਸ਼ਲ ਡਿਸਟੈਂਸ ਬਣਾਉਣਾ ਵੱਡੀ ਚੁਣੌਤੀ

    ਪੰਜਾਬ ਸਰਕਾਰ ਨੇ ਕਿਹਾ ਕਿ 14 ਅਪ੍ਰੈਲ ਤੋਂ ਬਾਅਦ ਮੰਡੀਆਂ ਖੋਲ੍ਹ ਦਿੱਤੀਆਂ ਜਾਣਗੀਆਂ, ਪਰ ਸਵਾਲ ਇਹ ਹੈ ਕਿ ਸਰਕਾਰ ਇਕ ਪਾਸੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀ ਗੱਲ ਕਹਿ ਰਹੀ ਹੈ ‘ਤੇ ਦੂਜੇ ਪਾਸੇ ਮੰਡੀਆਂ ਖੋਲ੍ਹਣ ਦੀ ਗੱਲ ਕਰ ਰਹੀ ਹੈ। ਕਿਸਾਨਾਂ ਅਤੇ ਆੜਤੀਆਂ ਦਾ ਸੰਕਟ ਬੜਾ ਹੀ ਫਿਕਰਮੰਦੀ ਵਾਲਾ ਹੈ, ਕਿਉਂਕਿ ਜੇਕਰ ਕਿਸਾਨ ਮੰਡੀਆਂ ਵਿਚ ਕਣਕ ਲੈ ਕੇ ਆਉਂਦੇ ਹਨ, ਫਿਰ ਲੇਬਰ ਦੀ ਵੀ ਲੋੜ ਪਏਗੀ। ਲੇਬਰ ਤਾਂ ਜਿਆਦਾਤਰ ਆਪਣੇ ਪਿੰਡਾਂ ਨੂੰ ਜਾ ਚੁੱਕੀ ਹੈ ਤੇ ਲੌਕਡਾਊਨ ਦੇ ਚੱਲਦਿਆਂ ਉਹਨਾਂ ਦਾ ਆਉਣਾ ਮੁਸ਼ਕਲ ਹੈ। ਜਿਹੜੇ ਕੁਝ ਮਜ਼ਦੂਰ ਇੱਥੇ ਹਨ, ਉਹ ਇੰਨੀ ਭਾਰੀ ਗਿਣਤੀ ਦੀ ਕਣਕ ਨੂੰ ਇਕ ਦੂਜੇ ਤੋਂ ਸੋਸ਼ਲ ਡਿਸਟੈਂਸ ਬਣਾ ਕੇ ਕਿਵੇਂ ਸੰਭਾਲ ਸਕਦੇ ਹਨ। ਸੋ ਇਹ ਸੰਕਟ ਵੱਡਾ ਹੈ।

    ਮੰਡੀਆਂ ‘ਚ ਮਜ਼ਦੂਰਾਂ ਦੀ ਵੱਡੀ ਸਮੱਸਿਆ ਆਉਣ ਵਾਲੀ ਹੈ : ਹਰਨਾਮ ਸਿੰਘ

    ਰੂਲਰ ਮੰਡੀਆਂ ਦੇ ਆੜਤੀਆਂ ਐਸੋਸੀਏਸ਼ਨ ਦੇ ਡਿਪਟੀ ਪ੍ਰੈਜੀਡੈਂਟ ਨੇ ਕਿਹਾ ਕਿ ਇਸ ਵਾਰ ਮੰਡੀਆਂ ਵਿਚ ਮਜ਼ਦੂਰਾਂ ਦੀ ਵੱਡੀ ਸਮੱਸਿਆ ਆਉਣ ਵਾਲੀ ਹੈ। ਕਿਉਂਕਿ ਭਾਰੀ ਮਾਤਰਾ ਵਿੱਚ ਕਣਕ ਦੀ ਸਾਫ਼-ਸਫਾਈ ਅਤੇ ਸ਼ੈਲਰਾਂ ਉਪਰ ਕੰਮ ਕਰਨ ਲਈ ਬਹੁਤ ਸਾਰੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਤੇ ਉਹਨਾਂ ਦਾ ਇਕ ਦੂਜੇ ਦੇ ਨੇੜੇ ਜਾਣਾ ਸੁਭਾਵਿਕ ਗੱਲ ਹੈ। ਉਹਨਾਂ ਦੱਸਿਆ ਜੇਕਰ ਕਿਸਾਨ ਥੋੜੀ-ਥੋੜੀ ਕਣਕ ਕਰਕੇ ਲੈ ਆਉਦੇ ਹਨ ਤਾਂ ਇਸ ਮਸਲੇ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

    ਪੜ੍ਹੋ, ਕਿਸਾਨਾਂ ਨੂੰ ਕੀ ਫ਼ਿਕਰ ਸਤਾ ਰਿਹਾ

    ਪੰਜਾਬ ਦੇ ਹਰ ਕਿਸਾਨ ਦੀ ਇਕ ਹੀ ਸਮੱਸਿਆ ਹੈ ਕਿ ਉਹਨਾਂ ਕੋਲ ਕੰਬਾਇਨਾਂ ਦੀ ਕਟਾਈ ਲਈ ਵੀ ਮਜ਼ਦੂਰ ਨਹੀਂ ਹਨ। ਕਰਫਿਊ ਕਰਕੇ ਕੰਬਾਇਨ ਚਲਾਉਣ ਵਾਲੀ ਲੇਬਰ ਵੀ ਘੱਟ ਹੀ ਮਿਲ ਰਹੀ ਹੈ। ਕਿਸਾਨ ਗੁਰਦੇਵ ਸਿੰਘ ਗਿੱਲ, ਸੁਖਜਿੰਦਰ ਸਿੰਘ ਸੁੱਖਾ, ਮੱਖਣ ਸਿੰਘ, ਕੁਲਦੀਪ ਸਿੰਘ ਦੀਪਾ ਆਦਿ ਦਾ ਕਹਿਣਾ ਹੈ ਕਿ ਸਰਕਾਰ ਬੋਨਸ ਦੇਣ ਲਈ ਵੀ ਕਹਿ ਰਹੀ ਹੈ, ਪਰ ਅਸੀਂ ਭਾਰੀ ਮਾਤਰਾ ਵਿੱਚ ਕਣਕ ਨੂੰ ਕਿੱਥੇ ਰੱਖਾਂਗੇ ਅਤੇ ਉਹਨਾਂ ਇਹ ਵੀ ਕਿਹਾ ਕਿ ਸਾਡੇ ਜਨਵਰੀ ਮਹੀਨੇ ਦੀ ਗੰਨੇ ਦੀ ਫ਼ਸਲ ਦੇ ਪੈਸੇ ਅਜੇ ਤਕ ਨਹੀਂ ਮਿਲੇ। ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਆੜਤੀਆਂ ਨੂੰ ਅਦਾਇਗੀ ਕਰ ਦੇਵਾਂਗੇ ਤੇ ਉਹ ਕਿਸਾਨਾਂ ਨੂੰ ਜਲਦ ਅਦਾਇਗੀ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਅੰਦਰ ਇਸ ਗੱਲ ਦਾ ਡਰ ਹੈ ਕਿ ਕਿਤੇ ਗੰਨੇ ਦੀ ਫ਼ਸਲ ਦੇ ਪੈਸਿਆ ਵਾਂਗ ਇਹ ਵੀ ਪੈਸੇ ਲੇਟ ਨਾ ਹੋ ਜਾਣ ਕਿ ਜਿਸ ਕਰਕੇ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਵੇ।

    3000 ਖਰੀਦ ਕੇਂਦਰਾਂ ਨੂੰ ਆੜਤੀਆਂ ਅਤੇ ਸ਼ੈੱਲਰ ਮਾਲਕਾਂ ਨਾਲ ਜੋੜਨ ਲਈ ਕੰਮ ਕਰ ਰਹੀ ਸੂਬਾ ਸਰਕਾਰ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਕੈਬੇਨਿਟ ਮੀਟਿੰਗ ਵਿਚ ਕਿਹਾ ਕਿ ਵਾਢੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਬਾਇਨਾਂ ਨੂੰ ਸਵੇਰੇ 6 ਤੋਂ ਸ਼ਾਮ 7 ਵਜੇ ਤਕ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਜਾਏਗੀ। ਇਸ ਤੋਂ ਇਲਾਵਾ ਨਿਰਵਿਘਨ ਅਤੇ ਤੇਜੀ ਨਾਲ ਕਾਰਵਾਈਆਂ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਸਰਕਾਰ ਨੇ ਐਲਾਨ ਕੀਤਾ ਕਿ ਇਸ ਵਾਰ ਇਕੱਠ ਨੂੰ ਰੋਕਣ ਲਈ 3000 ਖਰੀਦ ਕੇਂਦਰਾਂ ਨੂੰ ਆੜਤੀਆਂ ਅਥੇ ਸ਼ੈੱਲਰ ਮਾਲਕਾਂ ਨਾਲ ਜੋੜਨ ਲਈ ਕੰਮ ਕਰ ਰਹੀਂ ਹੈ। ਇਸ ਪ੍ਰਕਿਰਿਆ ਲਈ ਕਿਸਾਨਾਂ ਨੂੰ ਕੂਪਨ ਜਾਰੀ ਕੀਤੇ ਜਾਣਗੇ। ਸਰਕਾਰ ਨੇੇ ਇਹ ਵੀ ਐਲਾਨ ਕੀਤਾ ਹੈ ਕੀ ਜਿਹੜੇ ਕਿਸਾਨਾ ਮਈ ਦੇ ਅੱਧ ਵਿਚ ਜਾਂ 31 ਮਈ ਤਕ ਕਣਕ ਮੰਡੀਆਂ ਵਿਚ ਲੈ ਕੇ ਆਉਣਗੇ ਉਹਨਾਂਂ ਨੂੰ ਪ੍ਰਤੀ ਕੁਇੰਟਲ 100 ਰੁਪਏ ਅਤ ਜਿਹੜੇ ਜੂਨ ਮਹੀਨੇ ਲੈ ਕੇ ਆਉਣਗੇ ਉਹਨਾਂਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣਗੇ। ਇਸ ਵਾਰ ਕਣਕ ਦਾ ਸਰਕਾਰੀ ਭਾਅ 1925 ਰੁਪਏ ਪ੍ਰਤੀ ਕੁਇੰਟਲ ਹੈ।

    ਸਰਕਾਰ ਨੂੰ ਬਲਾਕ ਪੱਧਰ ‘ਤੇ ਸਟੋਰ ਬਣਾਉਣੇ ਚਾਹੀਦੇ ਹਨ : ਡਾ. ਨਰੇਸ਼ ਗੁਲਾਟੀ

    ਜਲੰਧਰ ਦੇ ਐਗਰੀਕਲਚਰ ਅਫ਼ਸਰ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਸਰਕਾਰ ਨੂੰ ਬਲਾਕ ਪੱਧਰ ਉੱਤੇ ਸਟੋਰ ਬਣਾ ਦੇਣੇ ਚਾਹੀਦੇ ਹਨ ਜਿਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਕਰਨੀ ਸੌਖੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਣਕ ਨੂੰ ਸਟੋਰ ਕਰਨ ਲਈ ਸਹੀਂ ਤਾਪਮਾਨ 9 ਡਿਗਰੀ ਹੋਣਾ ਚਾਹੀਦਾ ਹੈ, ਇਸ ਤੋਂ ਵੱਧ ਤਾਪਮਾਨ ਉੱਤੇ ਕਣਕ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ।

    ਕਿਸਾਨਾਂ ਤੇ ਸਰਕਾਰ ਨੂੰ ਮਿਲ ਕੇ ਚੱਲਣ ਦੀ ਲੋੜ : ਉਮਿੰਦਰ ਦੱਤ

    ਖੇਤੀਬਾੜੀ ਮਾਹਰ ਉਮਿੰਦਰ ਦੱਤ ਨੇ ਦੱਸਿਆ ਕਿ ਇਹਨਾਂ ਹਾਲਾਤ ਬਾਰੇ ਇਸ ਵੇਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਸਾਨਾਂ ਨੂੰ ਸਰਕਾਰ ਨਾਲ ਮਿਲ ਕੇ ਚੱਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਿੰਡਾਂ ਦੇ ਸਕੂਲ ਖੋਲ੍ਹ ਦੇਣ ਜੋ ਉਹ ਆਪਣੀ ਕਣਕ ਨੂੰ ਉੱਥੇ ਰੱਖ ਸਕਣ ਜਿਸ ਨਾਲ ਕਣਕ ਮੀਂਹ ਕਿਣੀ ਤੋਂ ਬਚ ਸਕਦੀ ਹੈ। ਜਦੋਂ ਮਾਹੌਲ ਠੀਕ ਹੁੰਦਾ ਹੈ ਕਿਸਾਨ ਆਪਣੀ ਕਣਕ ਮੰਡੀਆਂ ਵਿਚ ਲੈ ਜਾਣ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।