ਫਰੀਦਕੋਟ। ਫਰੀਦਕੋਟ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਨੋਡਲ ਅਧਿਕਾਰੀ ਤੇ 2 ਪਟਵਾਰੀਆਂ ਨੂੰ ਕਿਸਾਨਾਂ ਨੇ ਪਿਛਲੇ 18 ਘੰਟਿਆਂ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਘਟਨਾ ਪਿੰਡ ਜਿਊਣ ਸਿੰਘ ਵਾਲਾ ਤੋਂ ਸਾਹਮਣੇ ਆਈ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਖਿਲਾਫ ਕਾਰਵਾਈ ਕਰਨ ਆਏ 2 ਖੇਤੀਬਾੜੀ ਅਧਿਕਾਰੀਆਂ ਤੇ ਇਕ ਪਟਵਾਰੀ ਨੂੰ ਦੇਰ ਰਾਤ ਤੋਂ ਘੇਰ ਕੇ ਕਿਸਾਨ ਧਰਨੇ ਉਤੇ ਬੈਠੇ ਹਨ।
ਪੰਜਾਬ ਸਰਕਾਰ ਨਾਲ ਨਰਾਜ਼ ਚੱਲ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕੋਲ ਕੋਈ ਹੱਲ ਨਹੀਂ। ਹਾਲਾਂਕਿ ਲੰਘੇ ਦਿਨ ਦੇਰ ਸ਼ਾਮ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਿਖਤੀ ਤੌਰ ਉਤੇ ਦਿੱਤਾ ਜਾਵੇ ਕਿ ਜੇਕਰ ਉਹ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਉਨ੍ਹਾਂ ਖਿਲਾਫ ਕੋਈ ਰੈੱਡ ਐਂਟਰੀ ਨਹੀਂ ਹੋਵੇਗੀ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਪਰ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਕਿ ਅਸੀਂ ਕਿਸਾਨਾਂ ਨੂੰ ਲਿਖਤੀ ਤੌਰ ਉੇਤੇ ਦੇ ਸਕੀਏ ਕਿ ਪਰਾਲੀ ਸਾੜਨ ਉਤੇ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਫਿਲਹਾਲ ਕਿਸਾਨ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਨਾ ਹੀ ਨੋਡਲ ਅਫਸਰਾਂ ਤੇ ਪਟਵਾਰੀ ਨੂੰ ਛੱਡਣ ਦੇ ਮੂਡ ਵਿਚ ਹਨ।