ਪ੍ਰਸਿੱਧ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਹੋਇਆ ਦੇਹਾਂਤ

0
332

ਅੰਮ੍ਰਿਤਸਰ | ਪ੍ਰਸਿੱਧ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਹ ਪਿਛਲੇ ਕਾਫੀ ਦਿਨਾਂ ਤੋਂ ਪੇਟ ਦੀ ਬਿਮਾਰੀ ਨਾਲ ਹਸਪਤਾਲ ਵਿਚ ਜੂਝ ਰਹੇ ਸੀ। ਭੁਪਿੰਦਰ ਦੀ ਪਤਨੀ ਮਿਤਾਲੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਗਾਇਕੀ ਦੀ ਦੁਨੀਆਂ ਵਿਚ ਆਪਣਾ ਵਖਰਾ ਸਥਾਨ ਰੱਖਣ ਵਾਲੇ ਭੁਪਿੰਦਰ ਸਿੰਘ ਅਸਲ ਵਿਚ ਗਾਇਕ ਨਹੀਂ ਬਣਨਾ ਚਾਹੁੰਦੇ ਸੀ।

ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ- ‘ਮੇਰੇ ਘਰ ‘ਚ ਇੰਨਾ ਜ਼ਿਆਦਾ ਮਿਊਜ਼ਿਕ ਸੀ ਕਿ ਮੈਂ ਕਦੇ ਵੀ ਸੰਗੀਤ ਨਾਲ ਜੁੜਨਾ ਨਹੀਂ ਚਾਹੁੰਦਾ ਸੀ। ਮੇਰੇ ਪਿਤਾ ਨੱਥਾ ਸਿੰਘ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫੈਸਰ ਸਨ। ਮੇਰਾ ਵੱਡਾ ਭਰਾ ਛੋਟੀ ਉਮਰ ਤੋਂ ਹੀ ਸਾਜ਼ ਵਜਾਉਂਦਾ ਸੀ। ਮੈਨੂੰ ਲੱਗਦਾ ਸੀ ਕਿ ਜੇ ਮੈਂ ਸੰਗੀਤ ਨਾਲ ਜੁੜ ਗਿਆ ਤਾਂ ਮੈਨੂੰ ਕਦੇ ਸਨਮਾਨ ਨਹੀਂ ਮਿਲੇਗਾ।

ਉਹਨਾਂ ਨੇ ਅੱਗੇ ਕਿਹਾ- ‘ਇਸੇ ਕਰ ਕੇ ਮੈਂ ਸੰਗੀਤ ਵਿਚ ਕਰੀਅਰ ਨਹੀਂ ਬਣਾਉਣਾ ਚਾਹੁੰਦਾ ਸੀ। ਇੱਕ ਸਮਾਂ ਅਜਿਹਾ ਆਇਆ ਕਿ ਮੈਂ ਗਾਉਣਾ ਛੱਡ ਦਿੱਤਾ। ਇਸ ਤੋਂ ਬਾਅਦ ਮੈਂ ਹਵਾਈਅਨ ਗਿਟਾਰ ਸਿੱਖਣਾ ਸ਼ੁਰੂ ਕੀਤਾ ਅਤੇ ਇਸ ਵਿਚ ਬਹੁਤ ਔਖੇ ਗੀਤ ਵਜਾਉਣੇ ਸ਼ੁਰੂ ਕਰ ਦਿੱਤੇ।

ਇਸ ਵਿਚ ਮੈਂ ਸ਼ਾਸਤਰੀ ਸੰਗੀਤ ਵੀ ਵਜਾਉਣਾ ਸ਼ੁਰੂ ਕਰ ਦਿੱਤਾ। ਗਿਟਾਰ ਵਜਾਉਂਦੇ ਸਮੇਂ, ਸੰਗੀਤ ਵਿਚ ਮੇਰੀ ਦਿਲਚਸਪੀ ਇਕ ਵਾਰ ਫਿਰ ਤੋਂ ਜਾਗ ਪਈ ਅਤੇ ਮੈਂ ਦੁਬਾਰਾ ਗਾਉਣਾ ਸ਼ੁਰੂ ਕਰ ਦਿੱਤਾ। ਗਿਟਾਰ ਮੈਨੂੰ ਗਾਇਕੀ ਵੱਲ ਵਾਪਸ ਲੈ ਆਇਆ।