ਪੰਜਾਬ ਪੁਲਿਸ ਵੱਲੋਂ ਫ਼ਰਜ਼ੀ ਇਮੀਗ੍ਰੇਸ਼ਨ ਏਜੰਟਾਂ ਦਾ ਪਰਦਾਫਾਸ਼ : ਵਿਦੇਸ਼ ਭੇਜਣ ਦੇ ਨਾਂ ‘ਤੇ 35 ਕਰੋੜ ਠੱਗਣ ਵਾਲਾ ਗ੍ਰਿਫਤਾਰ

0
1143

ਮੋਹਾਲੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਮਾਣਯੋਗ ਡੀ.ਜੀ.ਪੀ. ਸਾਹਿਬ ਦੀਆਂ ਹਦਾਇਤਾਂ ਮੁਤਾਬਕ ਬਿਨਾਂ ਲਾਇਸੈਂਸ ਚੱਲ ਰਹੀਆਂ ਫਰਜ਼ੀ ਇਮੀਗ੍ਰੇਸ਼ਨ ਟਰੈਵਲ ਏਜੰਟਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ 22-09-2023 ਨੂੰ ਇਕ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਰੋਹਬਦਾਰ ਅਹੁਦੇ ਉਤੇ ਲਗਜ਼ਰੀ ਗੱਡੀਆਂ ਅਤੇ ਗੰਨਮੈਨਾਂ (ਸਕਿਓਰਿਟੀ) ਦੇ ਪ੍ਰਭਾਵ ਰਾਹੀਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲ਼ੀ ਇਮੀਗ੍ਰੇਸ਼ਨ ਕਰਦਾ ਹੈ ਅਤੇ ਇਸ ਨੇ ਵਿਦੇਸ਼ ਭੇਜਣ ਦੇ ਝਾਂਸੇ ਵਿਚ ਭੋਲੇ-ਭਾਲੇ ਲੋਕਾਂ ਨਾਲ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ, ਨੂੰ ਗ੍ਰਿਫਤਾਰ ਕਰਨ ਵਿਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲ਼ੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਕਦੇ ਇਹ ਜਾਅਲ਼ੀ ਹੋਮ ਸੈਕਟਰੀ ਆਫ ਹਰਿਆਣਾ ਬਣ ਜਾਂਦਾ ਹੈ, ਕਦੇ ਇਹ ਪੰਜਾਬ ਪੁਲਿਸ ਦਾ ਇੰਸਪੈਕਟਰ ਅਤੇ ਕਦੇ ਇਹ ਵਿਧਾਨ ਸਭਾ ਦਾ ਵਿਧਾਇਕ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਪਾਸਪੋਰਟ ਹਾਸਲ ਕਰਕੇ ਭਾਰੀ ਰਕਮ ਦੀ ਡੀਲ ਕਰਦਾ ਸੀ ਕਿ ਉਹ ਵੀਜ਼ਾ ਲਗਵਾ ਕੇ ਦੇਵੇਗਾ, ਫਿਰ ਇਹ ਆਪਣੇ ਸਾਥੀ ਦੋਸ਼ੀ ਰਾਹੁਲ ਪਾਸੋਂ ਉਨ੍ਹਾਂ ਦੇ ਪਾਸਪੋਰਟਾਂ ਉਤੇ ਜਾਅਲ਼ੀ ਵੀਜ਼ਾ ਸਟਿਕਰ ਅਤੇ ਹੋਰ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੇ ਦਿੰਦਾ ਸੀ।