ਨਿਵੇਕਲੀ ਪਹਿਲਕਦਮੀ ! ਯੂਪੀ ਦੀ ਤਰਜ਼ ’ਤੇ ਲੁਧਿਆਣਾ ‘ਚ ਬਣੇਗਾ ਪਹਿਲਾ ਹੈਲਥ ATM ਸੈਂਟਰ; ਮਿਲਣਗੀਆਂ ਇਹ ਸਹੂਲਤਾਂ

0
1037

ਲੁਧਿਆਣਾ | UP ਦੀ ਤਰਜ਼ ’ਤੇ ਹੁਣ ਮਹਾਨਗਰ ਹੈਲਥ ਏਟੀਐੱਮ ਸੈਂਟਰ ਬਣਾਉਣ ਜਾ ਰਿਹਾ ਹੈ। ਨਗਰ ਨਿਗਮ ਲੁਧਿਆਣਾ ਨੇ ਪਹਿਲਕਦਮੀ ਕਰਦੇ ਹੋਏ ਇਸ ਮਸ਼ੀਨ ਨੂੰ ਲਿਆ ਹੈ। ਸ਼ਨੀਵਾਰ ਨੂੰ ਇਹ ਮਸ਼ੀਨ ਨਿਗਮ ਕੋਲ ਪਹੁੰਚ ਗਈ ਸੀ। ਇਸ ਨੂੰ ਮਿੱਢਾ ਚੌਕ ਸਥਿਤ ਨਿਗਮ ਦੀ ਬਿਲਡਿੰਗ ’ਚ ਲਗਾਇਆ ਜਾ ਰਿਹਾ ਹੈ। ਮਸ਼ੀਨ ਨੂੰ ਇੰਸਟਾਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਆਉਣ ਵਾਲੇ ਕੁਝ ਦਿਨਾਂ ’ਚ ਇਸ ਮਸ਼ੀਨ ਨਾਲ ਟੈਸਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਫ਼ਿਲਹਾਲ ਇਸ ਮਸ਼ੀਨ ਨਾਲ ਨਿਗਮ ਮੁਲਾਜ਼ਮਾਂ ਦੀ ਜਾਂਚ ਹੋਵੇਗੀ। ਇਸ ਤੋਂ ਬਾਅਦ ਆਮ ਲੋਕਾਂ ਲਈ ਇਸ ਨੂੰ ਖੋਲ੍ਹਿਆ ਜਾਵੇਗਾ।

ਨਿਗਮ ਅਧਿਕਾਰੀਆਂ ਨੇ ਇਸ ਮਸ਼ੀਨ ਨੂੰ ਇਕ ਵਾਰ ਟ੍ਰਾਇਲ ਵਜੋਂ ਲਿਆ ਹੈ। ਇਸ ਦੇ ਕਾਮਯਾਬ ਹੋਣ ’ਤੇ ਹੋਰ ਮਸ਼ੀਨਾਂ ਮੰਗਵਾਈਆਂ ਜਾਣਗੀਆਂ। ਇਸ ਮਸ਼ੀਨ ਨੂੰ ਚਲਾਉਣ ਲਈ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਮਸ਼ੀਨ ਤੋਂ ਟੈਸਟ ਰਿਪੋਰਟ 10 ਮਿੰਟਾਂ ’ਚ ਮਿਲ ਜਾਵੇਗੀ।

ਜਨਰਲ ਬਾਡੀ ਚੈੱਕਅਪ, ਵਿਅਕਤੀ ਦੀ ਹਾਈਟ, ਬੀਐੱਮਆਈ, ਬੀਐੱਮਆਰ, ਹਾਈਡ੍ਰੇਸ਼ਨ, ਸਰੀਰ ’ਚ ਫੈਟ ਦਾ ਅਨੁਪਾਤ, ਬੋਨ ਮਾਸ, ਮੋਟਾਬਾਲਿਕ ਏਜ, ਮਸਲ ਮਾਸ, ਡਾਇਸਟੋਲਿਕ ਬੀਪੀ, ਸਿਸਟੋਲਿਕ ਬੀਪੀ, ਪਲਸ ਰੇਟ, ਸਰੀਰ ’ਚ ਆਕਸੀਜਨ ਦੀ ਮਾਤਰਾ ਦੀ ਤੇ ਸਰੀਰ ’ਚ ਤਾਪਮਾਨ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ ਕਾਰਡੀਐਕ ਚੈੱਕਅਪ, ਈਸੀਜੀ, ਹਾਰਟ ਰੇਟ, ਲਿਪਿਡ ਪ੍ਰੋਫਾਈਲ, ਐੱਲਡੀਐੱਲ, ਐੱਚਡੀਐੱਲ, ਕੋਲੇਸਟ੍ਰਾਲ ਤੇ ਟਰਾਈਗਿਲਸਰਾਈਡ ਸ਼ਾਮਲ ਹਨ। ਰੈਪਿਡ ਟੈਸਟ ਐੱਚਆਈਵੀ, ਮਲੇਰੀਆ, ਡੇਂਗੂ, ਥਾਇਰਾਇਡ, ਹੈਪੇਟਾਈਟਸ-ਏ, ਬੀ, ਸੀ ਤੇ ਈ, ਟਾਈਫਾਈਡ, ਕੋਰੋਨਾ, ਸ਼ੂਗਰ, ਯੂਰਿਨ ਆਦਿ ਦੀ ਵੀ ਜਾਂਚ ਹੋਵੇਗੀ।

ਜ਼ਿਕਰਯੋਗ ਹੈ ਕਿ ਨਗਰ ਨਿਗਮ ’ਚ ਇਸ ਸਮੇਂ ਕੱਚੇ-ਪੱਕੇ ਕੁੱਲ 9 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ। ਇਨ੍ਹਾਂ ’ਚ ਸਭ ਤੋਂ ਵੱਧ ਗਿਣਤੀ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਹੈ। ਇਨ੍ਹਾਂ ਦੀ ਸਿਹਤ ਦੀ ਜਾਂਚ ਲਈ ਨਿਗਮ ਨੇ ਆਪਣੇ ਪੱਧਰ ’ਤੇ ਡਿਸਪੈਂਸਰੀ ਬਣਾਈ ਹੈ ਪਰ ਇਥੇ ਆਧੁਨਿਕ ਸਹੂਲਤਾਂ ਦੀ ਘਾਟ ਹੈ। ਇਸ ਲਈ ਨਿਗਮ ਵੱਲੋਂ ਹੈਲਥ ਏਟੀਐੱਮ ਮਸ਼ੀਨ ਨੂੰ ਲਿਆ ਹੈ। ਇਸ ਮਸ਼ੀਨ ਨੂੰ ਫਿੰਡਕੋ ਕੰਪਨੀ ਵੱਲੋਂ ਸੀਐੱਸਆਰ ਤਹਿਤ ਦਿੱਤਾ ਗਿਆ ਹੈ।

ਹੈਲਥ ਏਟੀਐੱਮ ’ਚ 2 ਤਰ੍ਹਾਂ ਨਾਲ ਜਾਂਚ ਹੋਵੇਗੀ। ਪਹਿਲਾ ਸਕ੍ਰੀਨਿੰਗ ਤੇ ਦੂਸਰਾ ਖ਼ੂਨ ਤੇ ਪਿਸ਼ਾਬ ਰਾਹੀਂ ਜਾਂਚ ਹੋਵੇਗੀ। ਬਲੱਡ ਪ੍ਰੈਸ਼ਰ, ਵਜ਼ਨ ਤੇ ਲੰਬਾਈ ਆਦਿ ਲਈ ਸਕ੍ਰੀਨਿੰਗ ਕੀਤੀ ਜਾਵੇਗੀ। ਜਦਕਿ ਡੇਂਗੂ, ਮਲੇਰੀਆ, ਐੱਚਆਈਵੀ ਦੀ ਜਾਂਚ ਲਈ ਬਲੱਡ ਦੀ ਲੋੜ ਹੋਵੇਗੀ। ਸ਼ੂਗਰ ਜਾਂਚ ਵਾਂਗ ਰੈਪਿਡ ਕਿੱਟ ਰਾਹੀਂ ਬਲੱਡ ਲੈ ਕੇ ਚਿੱਪ ਨੂੰ ਮਸ਼ੀਨ ’ਚ ਲਗਾਇਆ ਜਾਵੇਗਾ। ਉਸ ਤੋਂ ਕੁਝ ਮਿੰਟਾਂ ’ਚ ਰਿਪੋਰਟ ਦਾ ਪ੍ਰਿੰਟ ਬਾਹਰ ਆ ਜਾਵੇਗਾ। ਇਸ ਮਸ਼ੀਨ ’ਚ ਜਾਂਚ ਕਰਨ ਤੋਂ ਬਾਅਦ ਵਿਅਕਤੀ ਦਾ ਪੂਰਾ ਡਾਟਾ ਰਿਕਾਰਡ ’ਚ ਰਹੇਗਾ। ਇਸ ਨੂੰ ਇੰਟਰਨੈੱਟ ਨਾਲ ਜੋੜ ਕੇ ਆਨਲਾਈਨ ਡਾਕਟਰ ਤੋਂ ਸਲਾਹ ਵੀ ਲਈ ਜਾ ਸਕਦੀ ਹੈ।

ਫਿਲਹਾਲ ਇਸ ਮਸ਼ੀਨ ਨਾਲ ਨਿਗਮ ਮੁਲਾਜ਼ਮਾਂ ਦੀ ਜਾਂਚ ਹੋਵੇਗੀ। ਇਸ ਤੋਂ ਬਾਅਦ ਆਮ ਲੋਕਾਂ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਲਈ ਵੱਖਰੇ ਤੌਰ ’ਤੇ ਪੂਰਾ ਖਾਕਾ ਤਿਆਰ ਕੀਤਾ ਜਾਵੇਗਾ ਤਾਂ ਜੋ ਯੂਜ਼ਰ ਚਾਰਜ ਵਸੂਲ ਕੀਤੇ ਜਾ ਸਕਣ। ਇਸ ਮਸ਼ੀਨ ਦੇ ਕਾਮਯਾਬ ਹੋਣ ’ਤੇ ਹੋਰ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਵੀ ਇਸ ਦਾ ਫ਼ਾਇਦਾ ਮਿਲ ਸਕੇ।