ਘਰ ਤੋਂ ਬਾਹਰ ਨਿਕਲਣ ਮੌਕੇ ਹਰੇਕ ਨੂੰ ਮਾਸਕ ਪਾਉਣਾ ਜਰੂਰੀ – ਐੱਸ.ਐੱਸ.ਪੀ. ਬਟਾਲਾ

0
871

ਬਟਾਲਾ. ਜ਼ਿੰਦਗੀ ਵਿੱਚ ਆਪਣੇ ਜਰੂਰੀ ਕੰਮ ਕਰਨ ਦੇ ਨਾਲ ਕੋਵਿਡ-19 ਵਾਇਰਸ ਤੋਂ ਬਚਾਅ ਕਰਨ ਹਿਤ ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਜਰੂਰੀ ਹਦਇਤਾਂ ਜਾਰੀ ਕੀਤੀਆਂ ਗਈਆਂ ਹਨ। ਐੱਸ.ਐੱਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕਰੋਨਾ ਵਾਇਰਸ ਇਕ ਤੋਂ ਦੂਜੇ ਵਿੱਚ ਫੈਲਦਾ ਹੈ ਅਤੇ ਇਸ ਤੋਂ ਬਚਾਅ ਦਾ ਇੱਕ ਹੀ ਤਰੀਕਾ ਹੈ ਆਪਸ ਵਿੱਚ ਦੂਰੀ ਅਤੇ ਹੱਥਾਂ ਦੀ ਸਾਫ ਸਫਾਈ ਯਕੀਨੀ ਬਣਾਈ ਜਾਵੇ।

ਉਹਨਾਂ ਨੇ ਕਿਹਾ ਕਿ ਆਮ ਲੋਕਾਂ ਵਿੱਚ ਜਾਣਕਾਰੀ ਦੀ ਅਣਹੋਂਦ ਕਾਰਨ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਣ ਦਾ ਖਤਰਾ ਸੀ, ਜਿਸ ਕਾਰਨ ਸਰਕਾਰ ਦੁਆਰਾ ਕਰਫਿਊ ਵਰਗਾ ਸਖਤ ਫੈਸਲਾ ਲੈਣਾ ਪਿਆ। ਹੁਣ ਆਮ ਲੋਕਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਆਪਣੇ ਜਰੂਰੀ ਕੰਮ ਕਰਨ ਅਤੇ ਜਰੂਰੀ ਸਮਾਨ ਦੀ ਪ੍ਰਾਪਤੀ ਲਈ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਿੱਤੀ ਗਈ ਸਹੂਲਤ ਕੁਝ ਨਿਯਮਾਂ ਅਧੀਨ ਹੀ ਜਾਰੀ ਰਹਿ ਸਕਦੀ ਹੈ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਸ ਦਾ ਸਿੱਟਾ ਘਾਤਕ ਹੋ ਸਕਦਾ ਹੈ।
ਘੁੰਮਣ ਨੇ ਦੱਸਿਆ ਕਿ ਕੋਵਿਡ 19 ਤੋਂ ਬਚਾਅ ਅਤੇ ਰੋਕਥਾਮ ਦੇ ਲਈ ਘਰ ਤੋਂ ਬਾਹਰ ਨਿਕਲਣ ਸਮੇਂ, ਆਪਣੇ ਕੰਮ ਕਰਦੇ ਹੋਏ, ਦਫ਼ਤਰ ਵਿੱਚ ਅਤੇ ਹਰ ਉਹ ਜਗ੍ਹਾ ਜਿਥੇ ਇਕ ਵਿਅਕਤੀ ਦੇ ਸੰਪਰਕ ਵਿੱਚ ਦੂਜਾ ਵਿਅਕਤੀ ਆਉਂਦਾ ਹੈ, ਮਾਸਕ ਪਾਉਣਾ ਜਰੂਰੀ ਹੈ। ਮਾਸਕ ਟ੍ਰਿਪਲ ਲੇਅਰ ਜਾਂ ਸੂਤੀ ਕਪੱੜੇ ਦਾ ਹੋ ਸਕਦਾ ਹੈ। ਜੇਕਰ ਇਹ ਦੋਨੋਂ ਉਪਲਭਦ ਨਹੀਂ ਹਨ ਤਾਂ ਰੁਮਾਲ, ਪਰਨਾ, ਚੁੰਨੀ ਦੀ ਦੁਹਰੀ ਤੀਹਰੀ ਤਹਿ ਨਾਲ ਵੀ ਆਪਣਾ ਮੂੰਹ ਢੱਕਿਆ ਜਾ ਸਕਦਾ ਹੈ, ਜਿਸ ਨੂੰ ਸਾਬਣ ਜਾਂ ਡਿਟਰਜੈਂਟ ਨਾਲ ਧੋ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਆਪਣਾ ਮੂੰਹ ਢੱਕਣ ਤੋਂ ਬਿਨ੍ਹਾਂ ਘਰ ਤੋਂ ਬਾਹਰ ਨਿਕਲਣਾ ਸਜ਼ਾ ਯੋਗ ਅਪਰਾਧ ਮੰਨਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਿਰੁਧ ਇਸ ਜੰਗ ਵਿਚ ਸਭ ਦੀ ਭਾਗੀਦਾਰੀ ਦੀ ਜਰੂਰਤ ਹੈ। ਜਿਸ ਵਿਅਕਤੀ ਨੂੰ ਵੀ ਤੇਜ਼ ਬੁਖਾਰ, ਸੁੱਕੀ ਖਾਂਸੀ, ਜੁਕਾਮ ਆਦਿ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨਾਲ ਸੰਪਰਕ ਕਰੇ ਅਤੇ ਆਪਣੇ ਘਰ ਵਿੱਚ ਹੀ ਰਹੇ। ਘਰ ਵਿੱਚ ਵੀ ਆਪਣੇ ਪਰਿਵਾਰ ਨਾਲ ਦੂਰੀ ਬਣਾ ਕੇ ਰੱਖੇ ਅਤੇ ਮਾਸਕ ਪਾ ਕੇ ਰੱਖੇ। ਗਰਮ ਪਾਣੀ ਦੀ ਵਰਤੋਂ ਕਰੇ। ਜਿਸ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ ਉਹ ਦਿਤੇ ਗਏ ਸਮੇਂ ਤੱਕ ਕਿਸੇ ਵੀ ਸੂਰਤ ਵਿੱਚ ਘਰ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਰੋਨਾ ਤੋਂ ਛੁਟਕਾਰਾ ਤਾਂ ਹੀ ਮਿਲ ਸਕਦਾ ਹੈ ਜਦੋਂ ਹਰ ਵਿਅਕਤੀ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੇ।