ਸੰਗਰੂਰ : ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਤਹਿਸੀਲਦਾਰ ਤੇ ਦੋ ਪਟਵਾਰੀ ਗ੍ਰਿਫ਼ਤਾਰ

0
2061

ਸੰਗਰੂਰ, 28 ਦਸੰਬਰ| ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ਹਲਕਾ ਪਿੰਡ ਬੱਲਰਾਂ ਦੇ ਪਟਵਾਰੀ ਧਰਮਰਾਜ ਅਤੇ ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਨੂੰ ਵਾਹੀਯੋਗ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਅਤੇ ਇੰਤਕਾਲ ਕਰਵਾਉਣ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਐਫਆਈਆਰ ਨੰਬਰ 18 ਮਿਤੀ 27.12.2023 ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੰਧੂਰਾ ਸਿੰਘ, ਤਹਿਸੀਲਦਾਰ (ਸੇਵਾਮੁਕਤ), ਧਰਮਰਾਜ ਪਟਵਾਰੀ, ਮਿੱਠੂ ਸਿੰਘ ਪਟਵਾਰੀ (ਦੋਵੇਂ ਹਲਕਾ ਬੱਲਰਾਂ, ਜ਼ਿਲ੍ਹਾ ਸੰਗਰੂਰ), ਭਗਵਾਨ ਦਾਸ, ਪਟਵਾਰੀ (ਸੇਵਾਮੁਕਤ) ਅਤੇ ਇੱਕ ਨਿੱਜੀ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਬੱਲਰਾਂ, ਜਿਲਾ ਸੰਗਰੂਰ ਸ਼ਾਮਲ ਹਨ।

ਬੁਲਾਰੇ ਨੇ ਮਾਲ ਰਿਕਾਰਡ ਵਿੱਚ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਪਟਵਾਰੀ ਨੇ ਇੰਤਕਾਲ ਦੀ ਪ੍ਰਵਾਨਗੀ ਲਈ ਐਂਟਰੀ ਬਾਲਪੁਆਇੰਟ ਪੈੱਨ ਨਾਲ ਕੀਤੀ ਸੀ, ਉਸੇ ਮਿਤੀ ਨੂੰ ਹੋਰ ਐਂਟਰੀਆਂ ਦੇ ਉਲਟ, ਜੈੱਲ ਪੈੱਨ ਦੀ ਵਰਤੋਂ ਕਰਕੇ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਦੋਸ਼ੀ ਪਟਵਾਰੀ ਨੇ ਆਪਣੇ ਦੋਸ਼ ਨੂੰ ਛੁਪਾਉਣ ਲਈ ਇਸ ਇੰਤਕਾਲ ਦੀ ਕਾਪੀ ਕਾਨੂੰਗੋ ਦੇ ਦਫ਼ਤਰ ਨੂੰ ਵੀ ਨਾ ਭੇਜੀ।

ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਪਿੰਡ ਬੱਲਰਾਂ ਵਿਖੇ ਗੁਰਤੇਜ ਸਿੰਘ ਅਤੇ ਹੋਰਨਾਂ ਦੀ 25 ਕਨਾਲ 15 ਮਰਲੇ ਜ਼ਮੀਨ ਦਾ ਤਬਾਦਲਾ ਪਿੰਡ ਰਾਏਪੁਰ, ਤਹਿਸੀਲ ਜਾਖਲ, ਹਰਿਆਣਾ ਵਿਖੇ ਬਲਵੰਤ ਸਿੰਘ ਦੀ ਜ਼ਮੀਨ ਨਾਲ ਜਾਅਲੀ ਤਬਾਦਲਾ ਤੇ ਇੰਤਕਾਲ (ਨੰਬਰ 10808) ਇੰਦਰਾਜ ਕਰਾਉਣ ਦਾ ਖੁਲਾਸਾ ਹੋਇਆ ਹੈ।

ਧਰਮਰਾਜ ਪਟਵਾਰੀ ਨੇ ਇਸ ਫਰਜ਼ੀ ਇੰਤਕਾਲ ਨੂੰ ਅੰਜਾਮ ਦੇਣ ਲਈ ਬਲਵੰਤ ਸਿੰਘ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਇਸ ਤੋਂ ਬਾਅਦ, ਧਰਮਰਾਜ ਪਟਵਾਰੀ ਨੇ ਇਸ ਇੰਤਕਾਲ ਦੀ ਪ੍ਰਵਾਨਗੀ ਤਹਿਸੀਲਦਾਰ ਸੰਧੂਰਾ ਸਿੰਘ (ਹੁਣ ਸੇਵਾਮੁਕਤ) ਤੋਂ ਜਮਾਂਬੰਦੀ ਵਿੱਚ ਐਂਟਰੀਆਂ ਨਾਲ ਮੇਲਣ ਲਈ 15.05.2019 ਦੀ ਬੈਕ ਡੇਟ ਤੋਂ ਪ੍ਰਾਪਤ ਕੀਤੀ, ਜਿਸਦੀ ਸਮਾਂ ਸੀਮਾ 15.05.2023 ਸੀ।