ਅੰਮ੍ਰਿਤਸਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇਕ ਗੈਂਗਸਟਰ ਢੇਰ

0
752

ਅੰਮ੍ਰਿਤਸਰ, 30 ਅਕਤੂਬਰ | ਪੰਜਾਬ ਪੁਲਿਸ ਨੇ ਖਤਰਨਾਕ ਗੈਂਗਸਟਰ ਲੰਡਾ ਹਰੀਕੇ ਦੇ ਸ਼ੂਟਰ ਨੂੰ ਐਨਕਾਊਂਟਰ ਵਿਚ ਮਾਰ ਦਿੱਤਾ ਹੈ। ਡੀ.ਆਈ.ਜੀ. ਬਾਰਡਰ ਰੇਂਜ ਵਿਚ ਬਿਆਸ ਨੇੜੇ ਸਠਿਆਲਾ ਮੰਡੀ ਵਿਚ ਇੱਕ ਏਜੰਟ ਅਤੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਕਤਲੇਆਮ ਵਿਚ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਸ਼ੂਟਰਾਂ ਗੁਰਸ਼ਰਨ, ਪਰਵੀਨ ਅਤੇ ਪਾਰਸ ਨੂੰ ਗ੍ਰਿਫਤਾਰ ਕੀਤਾ ਹੈ।

ਇਸੇ ਦੌਰਾਨ ਅੱਜ ਜਦੋਂ ਪੁਲਿਸ ਗੁਰਸ਼ਰਨ ਅਤੇ ਪਾਰਸ ਨੂੰ ਵਾਰਦਾਤ ’ਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਲੈ ਕੇ ਆਈ ਤਾਂ ਉਨ੍ਹਾਂ ਨੇ ਪੁਲਿਸ ’ਤੇ ਲੁਕੇ ਹਥਿਆਰਾਂ ਨਾਲ ਫਾਇਰ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਗੈਂਗਸਟਰ ਗੁਰਸ਼ਰਨ ਮਾਰਿਆ ਗਿਆ, ਜਦਕਿ ਦੂਜਾ ਗੈਂਗਸਟਰ ਪਾਰਸ ਨਦੀ ਵਿਚ ਛਾਲ ਮਾਰ ਕੇ ਭੱਜਣ ਵਿਚ ਕਾਮਯਾਬ ਹੋ ਗਿਆ।

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਫਰਾਰ ਮੁਲਜ਼ਮ ਪਾਰਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਸ਼ਰਨ ਤੋਂ 9 ਐਮ.ਐਮ. ਗਲੋਕ ਪਿਸਤੌਲ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਉਸ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਸੀ, ਜਦਕਿ ਫਰਾਰ ਗੈਂਗਸਟਰ ਪਾਰਸ ਕੋਲ ਵੀ ਇੱਕ ਗਲੋਕ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੈਂਗਸਟਰ ਫਿਰੌਤੀ ਅਤੇ ਹੋਰ ਅਪਰਾਧਿਕ ਮਾਮਲਿਆਂ ਤੋਂ ਇਲਾਵਾ ਕਈ ਕਤਲ ਕੇਸਾਂ ਵਿਚ ਵੀ ਸ਼ਾਮਲ ਸੀ।

ਡੀ.ਆਈ.ਜੀ. ਨੇ ਕਿਹਾ ਕਿ ਇਹ ਬਾਹਰ ਬੈਠੇ ਗੈਂਗਸਟਰਾਂ ਲਈ ਸਬਕ ਹੈ। ਇਹ ਗੈਂਗਸਟਰ ਖੁਦ ਬਾਹਰ ਬੈਠ ਕੇ ਸੁਰੱਖਿਅਤ ਰਹਿੰਦੇ ਹਨ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਜੁਰਮ ਦੀ ਦੁਨੀਆ ਵਿਚ ਸ਼ਾਮਲ ਕਰਕੇ ਅਪਰਾਧ ਕਰਦੇ ਹਨ।