ਅੰਮ੍ਰਿਤਸਰ, 24 ਅਕਤੂਬਰ | ਵੀਰਵਾਰ ਤੜਕੇ 3.30 ਵਜੇ ਪੁਲਿਸ ਨੇ ਐਨਕਾਊਂਟਰ ‘ਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੂੰ ਦੇਖਦੇ ਹੀ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਇੱਕ ਤਸਕਰ ਜ਼ਖ਼ਮੀ ਹੋ ਗਿਆ। ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਦੋਵਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਸਥਿਤ ਇੱਕ ਪਾਰਕ ਵਿਚ ਵਾਪਰੀ। ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਇਨ੍ਹਾਂ ਤਸਕਰਾਂ ਦਾ ਪਤਾ ਲਗਾ ਰਹੀ ਸੀ। ਰਾਤ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਤਰਨਤਾਰਨ ਰੋਡ ’ਤੇ ਪਾਰਕ ਦੇ ਆਸ-ਪਾਸ ਨਜ਼ਰ ਆਏ ਹਨ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਯੋਜਨਾ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਏ.ਸੀ.ਪੀ ਸੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਤਸਕਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਪੁਲਿਸ ਦੀਆਂ ਗੱਡੀਆਂ ਨੂੰ ਲੱਗੀਆਂ, ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਤਸਕਰ ਦੇ ਪੱਟ ਵਿਚ ਗੋਲੀ ਲੱਗੀ, ਜਦਕਿ ਦੂਜਾ ਭੱਜਦੇ ਹੋਏ ਫੜਿਆ ਗਿਆ।
ਫੜੇ ਗਏ ਦੋਵੇਂ ਤਸਕਰ ਤਰਨਤਾਰਨ ਦੇ ਰਹਿਣ ਵਾਲੇ ਹਨ। ਇੱਕ ਝਬਾਲ ਦਾ ਅਤੇ ਦੂਜਾ ਤਰਨਤਾਰਨ ਸ਼ਹਿਰ ਦਾ ਰਹਿਣ ਵਾਲਾ ਹੈ। ਤਸਕਰੀ ਦੇ ਨਾਲ-ਨਾਲ ਦੋਵੇਂ ਸ਼ਾਰਪ ਸ਼ੂਟਰ ਵੀ ਹਨ। ਜੋ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਦੋਵਾਂ ਤਸਕਰਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)