ਕੜਾਕੇ ਦੀ ਠੰਡ ਦਾ ਅਸਰ : ਸਕੂਲਾਂ ‘ਚ 24 ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ, ਸਾਰੇ ਸਕੂਲਾਂ ‘ਚ ਲਾਗੂ ਹੋਣਗੇ ਹੁਕਮ

0
2710

ਚੰਡੀਗੜ੍ਹ | ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਸਕੂਲ 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ।

ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੋਮਵਾਰ ਨੂੰ ਹੋਈ ਸੀ ਉੱਚ ਅਧਿਕਾਰੀਆਂ ਦੀ ਮੀਟਿੰਗ

ਪੰਜਾਬ ‘ਚ ਸ਼ੁੱਕਰਵਾਰ ਤੋਂ ਅਚਾਨਕ ਸਰਦੀ ਵਧ ਗਈ ਹੈ। ਇਸ ਤੋਂ ਇਲਾਵਾ ਓਮੀਕਰੋਨ ਦਾ ਖਤਰਾ ਵੀ ਬਣਿਆ ਹੋਇਆ ਹੈ। ਅਜਿਹੇ ‘ਚ ਸਿੱਖਿਆ ਵਿਭਾਗ ਵੀ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਹੋ ਗਿਆ ਹੈ।

ਇਸ ਮਾਮਲੇ ਵਿੱਚ ਸੋਮਵਾਰ ਨੂੰ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਤੋਂ ਬਾਅਦ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ।

ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਸਰਕਾਰੀ, ਪ੍ਰਾਈਵੇਟ ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ‘ਤੇ ਲਾਗੂ ਹੋਣਗੇ। ਇਹ ਹੁਕਮ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਚੰਡੀਗੜ੍ਹ ਸਿੱਖਿਆ ਵਿਭਾਗ ਨੇ 20 ਦਸੰਬਰ ਤੋਂ 7 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਹਾਲਾਂਕਿ ਕੁਝ ਸਕੂਲ ਇਸ ਦਾ ਵਿਰੋਧ ਕਰ ਰਹੇ ਹਨ।

ਛੁੱਟੀਆਂ ਵਧਾਈਆਂ ਵੀ ਜਾ ਸਕਦੀਆਂ ਹਨ

ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਪਹਾੜਾਂ ‘ਤੇ ਬਰਫਬਾਰੀ ਕਾਰਨ ਜਨਵਰੀ ਦੇ ਪਹਿਲੇ ਹਫਤੇ ਠੰਡ ਦੇ ਨਾਲ-ਨਾਲ ਸੂਬੇ ‘ਚ ਧੁੰਦ ਦਾ ਪ੍ਰਕੋਪ ਵੀ ਵੱਧ ਜਾਂਦਾ ਹੈ। ਕਈ ਵਾਰ ਸੰਘਣੀ ਧੁੰਦ ਤੇ ਧੂੰਏਂ ਕਾਰਨ ਛੁੱਟੀਆਂ ਹੋਰ ਵੀ ਵਧਾ ਦਿੱਤੀਆਂ ਜਾਂਦੀਆਂ ਹਨ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ।

ਹਾਲਾਂਕਿ ਇਸ ਵਾਰ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈ ਪਰ ਜੇਕਰ ਠੰਡ ਤੇ ਧੁੰਦ ਦਾ ਪ੍ਰਕੋਪ ਵਧਦਾ ਹੈ ਤਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਛੁੱਟੀਆਂ ਵਧਾ ਸਕਦੀ ਹੈ।