ਪੰਜਾਬ ‘ਚ ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ ਰਹੀ 4.1

0
106

ਜੰਮੂ-ਕਸ਼ਮੀਰ| ਉੱਤਰ ਭਾਰਤ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ ਪਰ ਇਹ ਝਟਕੇ 5 ਦਿਨ ਪਹਿਲਾਂ ਆਏ ਭੂਚਾਲ ਤੋਂ ਘੱਟ ਸਨ। ਝਟਕਿਆਂ ਦੇ ਬਾਅਦ ਇਕ ਵਾਰ ਫਿਰ ਲੋਕਾਂ ਵਿਚ ਹਫੜਾ-ਦਫੜੀ ਮਚੀ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਵਾਰ ਇਨ੍ਹਾਂ ਝਟਕਿਆਂ ਦਾ ਕੇਂਦਰ ਮਾਂ ਵੈਸ਼ਣੋ ਦੇਵੀ ਮੰਦਰ ਕੋਲ ਕੱਟੜਾ ਰਿਹਾ।

ਨੈਸ਼ਨਲ ਸੈਂਟਰ ਆਫ ਸਿਸਮੋਲਾਜੀ ਇੰਡੀਆ ਮੁਤਾਬਕ ਇਹ ਭੂਚਾਲ ਐਤਵਾਰ ਸਵੇਰੇ 3.50 ਵਜੇ ਆਇਆ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 4.1 ਸੀ। ਇਸ ਦਾ ਕੇਂਦਰ ਕਟੜਾ ਤੋਂ 80 ਕਿਲੋਮੀਟਰ ਪਹਿਲਾਂ ਧਰਤੀ ਵਿਚ 11 ਕਿਲੋਮੀਟਰ ਹੇਠਾਂ ਲੈਟੀਚਿਊਡ 42.96 ਅਤੇ ਲਾਂਗੀਚਿਊਡ 75.79 ਸੀ ਜਿਸ ਦਾ ਅਸਰ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿਚ ਵੀ ਮਹਿਸੂਸ ਕੀਤਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਜੰਮੂ-ਕਸ਼ਮੀਰ ਦੇ ਡੋਡਾ ਵਿਚ ਦੁਪਹਿਰ 1.33 ਵਜੇ 5.4 ਤੀਬਰਤਾ ਦਾ ਭੂਚਾਲ ਆਇਆ ਸੀ। ਦਿੱਲੀ-NCR ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

ਉਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਹੀ ਤਿੱਬਤ ਦੇ ਸ਼ਿਜਾਂਗ ਵਿਚ ਭੂਚਾਲ ਆਇਆ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਸਵੇਰੇ 3.23 ਵਜੇ ਇਹ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 106 ਕਿਲੋਮੀਟਰ ਹੇਠਾਂ ਸੀ।

ਭੂਚਾਲ ਮਾਹਿਰਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਸਮੇਂ ਤੋਂ ਧਰਤੀ ਹੇਠਾਂ ਪਲੇਟਸ ਵਿਚ ਹਲਚਲ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਜਦੋਂ ਇਕ ਵਾਰ ਪਲੇਟਸ ਆਪਣੀ ਸਥਿਤੀ ਬਦਲਦੀ ਹੈ ਤਾਂ ਵਾਰ-ਵਾਰ ਭੂਚਾਲ ਆਉਣਾ ਸੁਭਾਵਕ ਹੈ।

3 ਮਹੀਨੇ ਪਹਿਲਾਂ 21 ਮਾਰਚ ਨੂੰ ਦਿੱਲੀ-NCR ਵਿਚ ਰਾਤ ਲਗਭਗ ਸਵਾ ਦਸ ਵਜੇ 6.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਝਟਕੇ ਯੂਪੀ, ਪੰਜਾਬ, ਜੰਮੂ-ਕਸ਼ਮੀਰ, ਉਤਰਾਖੰਡ, ਬਿਹਾਰ ਵਿਚ ਵੀ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿਚ ਰਿਹਾ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 156 ਕਿਲੋਮੀਟਰ ਦੀ ਡੂੰਘਾਈ ਵਿਚ ਸੀ।