ਨਵੀਂ ਦਿੱਲੀ, 31 ਜਨਵਰੀ | ਪੱਛਮੀ ਬੰਗਾਲ-ਬਿਹਾਰ ਦੀ ਸਰਹੱਦ ‘ਤੇ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਕਾਫ਼ਿਲੇ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਅੱਜ ਉਨ੍ਹਾਂ ਦੀ ਕਾਰ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ‘ਤੇ ਅਣਪਛਾਤਿਆਂ ਨੇ ਪੱਥਰ ਨਾਲ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੱਛਮੀ ਬੰਗਾਲ ਦੇ ਮਾਲਦਾ ਵਿਚ ਰਾਹੁਲ ਗਾਂਧੀ ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਥਿਤ ਹਮਲੇ ਵਿਚ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ।
ਦੱਸ ਦਈਏ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਨਿਆਂ ਯਾਤਰਾ’ 14 ਜਨਵਰੀ, 2024 ਨੂੰ ਮਣੀਪੁਰ ਤੋਂ ਸ਼ੁਰੂ ਹੋਈ ਸੀ। ਯਾਤਰਾ ਦੌਰਾਨ 6713 ਕਿਲੋਮੀਟਰ ਦੀ ਦੂਰੀ 67 ਦਿਨਾਂ ਵਿਚ ਤੈਅ ਕੀਤੀ ਜਾਵੇਗੀ ਜੋ ਕਿ 15 ਰਾਜਾਂ ਦੇ 110 ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ 20 ਮਾਰਚ ਨੂੰ ਮੁੰਬਈ ਵਿਚ ਸਮਾਪਤ ਹੋਵੇਗੀ।