ਸ਼ਾਰਟ ਸਰਕਟ ਕਾਰਨ ਗਰੀਬਾਂ ਦਾ ਹੋਇਆ ਲੱਖਾਂ ਦਾ ਨੁਕਸਾਨ ; ਝੁੱਗੀਆਂ ਬੱਕਰੀਆਂ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ

0
358

ਲੁਧਿਆਣਾ | ਮਾਛੀਵਾੜਾ ਸਾਹਿਬ ਦੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮੰਡ ਝਡ਼ੌਦੀ ਦੌਲਤਪੁਰ ਵਿਖੇ ਅੱਜ ਬਾਅਦ ਦੁਪਹਿਰ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਅੱਗ ਲੱਗਣ ਨਾਲ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ 7 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾਂ ’ਚ 7 ਬੱਕਰੀਆਂ ਜ਼ਿੰਦਾ ਸੜਨ ਤੋਂ ਇਲਾਵਾ ਲੱਖਾਂ ਰੁਪਏ ਦੀ ਨਕਦੀ ਅਤੇ ਘਰੇਲੂ ਕੀਮਤੀ ਸਮਾਨ ਵੀ ਜਲਕੇ ਰਾਖ਼ ਹੋ ਗਿਆ। ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਝੁੱਗੀਆਂ ’ਚ ਗਰੀਬ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ, ਜਿਨ੍ਹਾਂ ’ਚੋਂ ਪੁਰਸ਼ ਮਜ਼ਦੂਰੀ ਅਤੇ ਔਰਤਾਂ ਪਸ਼ੂਆਂ ਲਈ ਹਰਾ ਚਾਰਾ ਲੈਣ ਬਾਹਰ ਗਈਆਂ ਹੋਈਆਂ ਸਨ। ਅਚਾਨਕ ਬਿਜਲੀ ਦੇ ਲੱਗੇ ਖੰਭੇ ’ਚੋਂ ਸ਼ਾਰਟ ਸ਼ਰਕਟ ਹੋਣ ਨਾਲ ਇੱਕ ਝੁੱਗੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਹੀ ਪਲਾਂ ’ਚ ਬਾਕੀ ਝੁੱਗੀਆਂ ਨੂੰ ਵੀ ਅੱਗ ਨੇ ਆਪਣੀ ਚਪੇਟ ’ਚ ਲੈ ਲਿਆ। ਝੁੱਗੀਆਂ ਖਾਲੀ ਹੋਣ ਕਾਰਣ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਵਿਚ ਪਿਆ ਗਰੀਬਾਂ ਦਾ ਘਰੇਲੂ ਕੀਮਤੀ ਸਮਾਨ, ਜਿਸ ’ਚ ਨਕਦੀ ਵੀ ਸ਼ਾਮਲ ਹੈ, ਅੱਗ ਦੀ ਭੇਟ ਚੜ ਗਿਆ।