ਲਵ ਮੈਰਿਜ ਦੀ ਰੰਜਿਸ਼ ਕਾਰਨ ਭਰਾ ਨੇ ਭੈਣ ਦੇ ਸਹੁਰਿਆਂ ‘ਤੇ ਕੀਤਾ ਹਮਲਾ, ਸਾਥੀਆਂ ਸਣੇ ਸੱਟਾਂ ਮਾਰ 4 ਲੋਕ ਕੀਤੇ ਜ਼ਖਮੀ

0
431

ਫਾਜ਼ਿਲਕਾ, 12 ਨਵੰਬਰ | ਅਬੋਹਰ ਦੇ ਹਲਕਾ ਬੱਲੂਆਣਾ ਅਧੀਨ ਪੈਂਦੇ ਢਾਣੀ ਚੇਤੂਵਾਲੀ ਵਿਚ ਇੱਕ ਨੌਜਵਾਨ ਦੇ ਪਰਿਵਾਰ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਪ੍ਰੇਮ ਵਿਆਹ ਨੂੰ ਲੈ ਕੇ ਰੰਜਿਸ਼ ਕਾਰਨ ਉਕਤ ਨੌਜਵਾਨ ਅਤੇ ਉਸ ਦੇ ਪਰਿਵਾਰ ‘ਤੇ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਕ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ‘ਤੇ ਰੈਫਰ ਕਰ ਦਿੱਤਾ ਗਿਆ।

ਧਰਮਪਾਲ ਨੇ ਦੱਸਿਆ ਕਿ ਉਸ ਦਾ ਕਰੀਬ 5 ਮਹੀਨੇ ਪਹਿਲਾਂ ਢਾਣੀ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਇਸ ਕਾਰਨ ਉਸ ਦੀ ਮਾਂ ਅਤੇ ਚਾਚੇ ਦਾ ਪਰਿਵਾਰ ਇੱਕੋ ਘਰ ਵਿਚ ਰਹਿਣ ਲੱਗ ਪਿਆ। ਉਸ ਨੇ ਆਪਣੇ ਘਰ ਵਿਚ ਕੈਮਰੇ ਵੀ ਲਗਾਏ ਹਨ।

ਧਰਮਪਾਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਘਰ ‘ਚ ਸੌਂ ਰਿਹਾ ਸੀ ਤਾਂ ਲੜਕੀ ਦਾ ਭਰਾ ਆਪਣੇ ਕੁਝ ਸਾਥੀਆਂ ਨਾਲ ਹਥਿਆਰਾਂ ਸਮੇਤ ਉਸ ਦੇ ਘਰ ‘ਚ ਕੰਧ ਟੱਪ ਕੇ ਦਾਖਲ ਹੋ ਗਿਆ। ਉਸ ਦੇ ਕਮਰੇ ਦਾ ਗੇਟ ਤੋੜ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਸ ਦੀ ਮਾਂ ਸਾਵਿਤਰੀ, ਚਾਚਾ ਰਾਮ ਕੁਮਾਰ ਅਤੇ ਚਚੇਰਾ ਭਰਾ ਮੋਨੂੰ ਜ਼ਖ਼ਮੀ ਹੋ ਗਏ। ਰੌਲਾ ਸੁਣ ਕੇ ਆਸਪਾਸ ਦੇ ਲੋਕ ਜਾਗ ਗਏ ਤਾਂ ਹਮਲਾਵਰ ਭੱਜ ਗਏ।

ਇੱਥੇ ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਮੋਨੂੰ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)