ਡਰੱਗਜ਼ ਮਾਮਲਾ : ਬਿਕਰਮ ਮਜੀਠੀਆ ਖਿਲਾਫ ਮੋਹਾਲੀ ‘ਚ FIR ਦਰਜ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ

0
757

ਚੰਡੀਗੜ੍ਹ | ਪੰਜਾਬ ਦੀ ਸਿਆਸਤ ਵਿੱਚ ਇਕ ਨਵਾਂ ਧਮਾਕਾ ਹੋ ਗਿਆ ਹੈ। ਕਾਂਗਰਸ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਨੇ ਇਹ ਮਾਮਲਾ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ‘ਚ ਦਰਜ ਕੀਤਾ ਹੈ। ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਲਗਾਤਾਰ ਦੋਸ਼ ਲੱਗ ਰਹੇ ਸਨ। ਇਹ ਮਾਮਲਾ ਐੱਨਡੀਪੀਐੱਸ ਐਕਟ ਦੀ ਧਾਰਾ 25/27ਏ/29 ਤਹਿਤ ਦਰਜ ਕੀਤਾ ਗਿਆ ਹੈ।

ਸਰਕਾਰ ਦੀ ਚੁੱਪ ਨੂੰ ਦੇਖ ਕੇ ਲੱਗਦਾ ਹੈ ਕਿ ਮਜੀਠੀਆ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਕੁਝ ਨਹੀਂ ਕਹਿ ਰਹੀ। ਇੱਥੋਂ ਤੱਕ ਕਿ ਮਜੀਠੀਆ ਖਿਲਾਫ਼ ਦਰਜ ਐੱਫਆਈਆਰ ਨੂੰ ਵੀ ਜਨਤਕ ਨਹੀਂ ਕੀਤਾ ਜਾ ਰਿਹਾ।

ਸਿੱਧੂ ਕਰ ਰਹੇ ਸਨ ਮਜੀਠੀਆ ਦੇ ਨਾਂ ਦਾ ਦਾਅਵਾ

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਂ ਹੈ। ਇਹ ਰਿਪੋਰਟ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਹੈ।

ਸਿੱਧੂ ਲਗਾਤਾਰ ਮਜੀਠੀਆ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਸਨ। ਇਸੇ ਕਾਰਨ 4 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਕਬਾਲਪ੍ਰੀਤ ਸਹੋਤਾ ਨੂੰ ਹਟਾ ਕੇ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀ.ਜੀ.ਪੀ. ਲਗਾ ਦਿੱਤਾ ਸੀ।

ਹਾਈਕੋਰਟ ਨੇ ਕਿਹਾ ਸੀ- ਸਾਡੇ ਵੱਲੋਂ ਕੋਈ ਰੋਕ ਨਹੀਂ ਤਾਂ ਕਾਰਵਾਈ ਕਿਉਂ ਨਹੀਂ ਕੀਤੀ?

ਇਸ ਮਾਮਲੇ ‘ਚ ਹਾਈਕੋਰਟ ‘ਚ ਪੇਸ਼ ਕੀਤੀ ਗਈ ਸੀਲਬੰਦ ਐੱਸਟੀਐੱਫ ਦੀ ਰਿਪੋਰਟ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੋਈ ਹੈ। ਖਾਸ ਕਰਕੇ ਕਾਂਗਰਸ ਦੇ ਅੰਦਰ ਹੀ ਸਿੱਧੂ ਤੇ ਚੰਨੀ ਸਰਕਾਰ ਵਿਚਾਲੇ ਜੰਗ ਛਿੜੀ ਹੋਈ ਹੈ। ਇਸ ਤੋਂ ਬਾਅਦ ਸਿੱਧੂ ਦੇ ਦਬਾਅ ਹੇਠ ਪਹਿਲਾਂ ਐਡਵੋਕੇਟ ਜਨਰਲ ਬਦਲਿਆ ਗਿਆ।

ਏਪੀਐੱਸ ਦਿਓਲ ਨੂੰ ਹਟਾ ਕੇ ਏਜੀ ਬਣੇ ਡੀਐੱਸ ਪਟਵਾਲੀਆ ਨੇ ਹਾਈਕੋਰਟ ਵਿੱਚ ਕਿਹਾ ਕਿ ਐੱਸਟੀਐੱਫ ਦੀ ਰਿਪੋਰਟ ਖੋਲ੍ਹਣ ’ਤੇ ਕੋਈ ਰੋਕ ਨਹੀਂ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਸਰਕਾਰ ਨੂੰ ਫਿਟਕਾਰ ਲਗਾਈ ਕਿ ਉਨ੍ਹਾਂ ਨੇ ਅਜੇ ਤੱਕ ਇਸ ‘ਤੇ ਕਾਰਵਾਈ ਕਿਉਂ ਨਹੀਂ ਕੀਤੀ। ਇਸ ਲਈ ਹੁਣ ਸਰਕਾਰ ਪੂਰੀ ਹਰਕਤ ਵਿੱਚ ਆ ਰਹੀ ਹੈ।

ਅਧਿਕਾਰੀ ਛੁੱਟੀ ‘ਤੇ ਗਏ ਤਾਂ ਹੋਇਆ ਵਿਵਾਦ

ਪੰਜਾਬ ‘ਚ ਕੁਝ ਦਿਨ ਪਹਿਲਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਧਿਕਾਰੀਆਂ ਦੇ ਲਗਾਤਾਰ ਛੁੱਟੀ ‘ਤੇ ਜਾਣ ‘ਤੇ ਸਵਾਲ ਉੱਠ ਰਹੇ ਸਨ। ਹਾਲ ਹੀ ‘ਚ ਇਹ ਮਾਮਲਾ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਏਡੀਜੀਪੀ ਐੱਸਕੇ ਅਸਥਾਨਾ ਅਚਾਨਕ ਮੈਡੀਕਲ ਛੁੱਟੀ ‘ਤੇ ਚਲੇ ਗਏ, ਜਦੋਂ ਇਸ ਗੱਲ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਡੀਜੀਪੀ ਨੂੰ ਲਿਖੇ ਪੱਤਰ ਦੇ ਕੁਝ ਹਿੱਸੇ ਵੀ ਲੀਕ ਹੋ ਗਏ ਸਨ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮਜੀਠੀਆ ‘ਤੇ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ।