ਗੁਰੂ ਨਗਰੀ ਅੰਮ੍ਰਿਤਸਰ ‘ਚ ਨਸ਼ੇ ਦਾ ਕਹਿਰ ! ਇਕੋ ਦਿਨ 2 ਸਕੇ ਭਰਾਵਾਂ ਦੀ ਨਸ਼ੇ ਕਾਰਨ ਮੌਤ

0
739

ਅੰਮ੍ਰਿਤਸਰ/ਤਰਨਤਾਰਨ/ਗੁਰਦਾਸਪੁਰ|ਮਾਮਲਾ ਹਲਕਾ ਪੂਰਬੀ ਦੇ ਕਟੜਾ ਬਾਗੀਆਂ ਦੇ ਨੇੜੇ ਦਾ ਹੈ, ਜਿਥੇ ਦੋ ਭਰਾ ਨਸ਼ੇ ਕਰਦੇ ਸਨ ਅਤੇ ਇਨ੍ਹਾਂ ‘ਚੋਂ ਇਕ ਵੇਚਣ ਦਾ ਕੰਮ ਵੀ ਕਰਦਾ ਸੀ, ਜਿਸ ਨੂੰ ਪੁਲਸ ਨੇ ਕੁਝ ਦਿਨ ਪਹਿਲਾਂ ਨਸ਼ੇ ਨਾਲ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ, ਜਿਥੇ ਉਸ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਵੱਡੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਛੋਟਾ ਭਰਾ ਦੁਖੀ ਹੋ ਕੇ ਚਾਲੀ ਖੂਹ ਇਲਾਕੇ ਵਿਚ ਪਹੁੰਚ ਗਿਆ, ਜਿਥੇ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਤਾਂ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਨਸ਼ੇ ਨੇ ਇਕ ਹੋਰ ਹੱਸਦਾ-ਖੇਡਦਾ ਪਰਿਵਾਰ ਬਰਬਾਦ ਕਰ ਦਿੱਤਾ, ਹਾਲਾਂਕਿ ਦੋਵਾਂ ਨੌਜਵਾਨਾਂ ਦੇ ਪਿਤਾ ਕੈਮਰੇ ਦੇ ਸਾਹਮਣੇ ਬੋਲਣ ਲਈ ਤਿਆਰ ਨਹੀਂ ਸਨ ਪਰ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ‘ਚ ਤਾਂ ਸਿਰਫ ਦਿਖਾਵੇ ਲਈ ਹੀ ਇਲਾਜ ਕੀਤਾ ਜਾਂਦਾ ਹੈ ਪਰ ਅਸਲ ‘ਚ ਉਥੇ ਸੀਨੀਅਰ ਡਾਕਟਰ ਕਿਸੇ ਦਾ ਇਲਾਜ ਨਹੀਂ ਕਰਦੇ ਸਗੋਂ ਟਰੇਨੀ ਡਾਕਟਰ ਹੀ ਲੋਕਾਂ ਦਾ ਇਲਾਜ ਕਰਦੇ ਹਨ।

ਇਸ ਡੂੰਘੇ ਦੁੱਖ ਕਾਰਨ ਪਰਿਵਾਰ ਦਾ ਕੋਈ ਵੀ ਮੈਂਬਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਦੋਵੇਂ ਲੜਕੇ ਨਸ਼ਾ ਕਰਦੇ ਸਨ ਅਤੇ ਵੱਡਾ ਲੜਕਾ ਵੇਚਦਾ ਸੀ ਅਤੇ ਉਸ ਕੋਲੋਂ ਨਸ਼ਾ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ।