ਲੁਧਿਆਣਾ ਬੱਸ ਸਟੈਂਡ ‘ਤੇ ਬਾਹਰੋਂ ਆਏ ਯਾਤਰੀ ਤੋਂ ਨਸ਼ੇੜੀਆਂ ਨੇ ਖੋਹਿਆ ਮੋਬਾਇਲ, ਲੋਕਾਂ ਨੇ ਇਕ ਨਸ਼ੇੜੀ ਕੀਤਾ ਕਾਬੂ

0
394

ਲੁਧਿਆਣਾ | ਇਥੇ ਅੰਤਰਰਾਜੀ ਬੱਸ ਸਟੈਂਡ ‘ਤੇ 2 ਨਸ਼ੇੜੀਆਂ ਨੇ ਨੇਪਾਲ ਤੋਂ ਆਏ ਇੱਕ ਯਾਤਰੀ ਤੋਂ ਕਾਲ ਕਰਨ ਲਈ ਮੋਬਾਈਲ ਫੋਨ ਮੰਗਿਆ। ਯਾਤਰੀ ਨੇ ਉਸ ਨੂੰ ਕਾਲ ਕਰਨ ਲਈ ਫ਼ੋਨ ਦਿੱਤਾ। ਮੋਬਾਈਲ ਹੱਥ ‘ਚ ਆਉਂਦੇ ਹੀ ਬਦਮਾਸ਼ ਫਰਾਰ ਹੋ ਗਏ। ਇਸ ‘ਤੇ ਸਵਾਰੀਆਂ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਭੱਜੇ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕੁਝ ਦੂਰ ਜਾ ਕੇ ਇੱਕ ਲੁਟੇਰੇ ਨੂੰ ਫੜ ਲਿਆ। ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਬਦਮਾਸ਼ ਨੂੰ ਫੜਨ ਵਾਲੇ ਨੌਜਵਾਨ ਰਾਜੂ ਨੇ ਦੱਸਿਆ ਕਿ ਨਸ਼ੇੜੀਆਂ ਨੇ ਨੇਪਾਲ ਤੋਂ ਆਏ ਸ਼ਾਮ ਨਾਂ ਦੇ ਯਾਤਰੀ ਦਾ ਮੋਬਾਈਲ ਅਤੇ ਪੈਸੇ ਖੋਹ ਲਏ ਸਨ। ਲੋਕਾਂ ਨੇ ਫੜੇ ਗਏ ਨਸ਼ੇੜੀ ਵਿਅਕਤੀ ਦੀ ਜੇਬ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸਰਿੰਜ (ਟੀਕਾ) ਅਤੇ ਚਿਟਾ ਬਰਾਮਦ ਹੋਇਆ।
ਨਸ਼ੇ ਦੇ ਆਦੀ ਨੇ ਮੰਨਿਆ ਕਿ ਉਸ ਨੂੰ ਇਹ ਚਿੱਟਾ ਕਾਲੂ ਨਾਂ ਦੇ ਨੌਜਵਾਨ ਤੋਂ ਮਿਲਦਾ ਹੈ। ਜਵਾਹਰ ਨਗਰ ਕੈਂਪ ‘ਚ ਖੁੱਲ੍ਹੇਆਮ ਹੋ ਰਹੇ ਚਿੱਟੇ ਦੀ ਵਿੱਕਰੀ ਪੁਲਿਸ ਦੀ ਲਾਪਰਵਾਹੀ ਦਾ ਪਰਦਾਫਾਸ਼ ਕਰਦੀ ਹੈ।

ਪੀੜਤ ਸ਼ਾਮ ਨੇ ਦੱਸਿਆ ਕਿ ਉਹ ਨੇਪਾਲ ਤੋਂ ਆਇਆ ਹੈ। ਨੌਜਵਾਨ ਨੇ ਉਸ ਨੂੰ ਫੋਨ ਕਰਨ ਲਈ ਕਿਹਾ। ਉਸ ਨੇ ਤਰਸ ਖਾ ਕੇ ਉਨ੍ਹਾਂ ਨੂੰ ਕਾਲ ਕਰਨ ਲਈ ਦਿੱਤਾ। ਇਸ ਦੌਰਾਨ ਬਦਮਾਸ਼ ਉਸ ਦਾ ਫੋਨ ਲੈ ਕੇ ਫਰਾਰ ਹੋ ਗਏ। ਕੁਝ ਦੂਰੀ ‘ਤੇ ਲੋਕਾਂ ਦੀ ਮਦਦ ਨਾਲ ਇਕ ਨੂੰ ਫੜ ਲਿਆ। ਥਾਣਾ ਕੋਚਰ ਮਾਰਕੀਟ ਦੇ ਏਐਸਆਈ ਵਰਿੰਦਰ ਸਿੰਘ ਮੌਕੇ ’ਤੇ ਪੁੱਜੇ। ਉਸ ਨੇ ਦੱਸਿਆ ਕਿ ਲੋਕਾਂ ਨੇ ਨਸ਼ੇੜੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।