ਮੋਗਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਲੋਹਗੜ੍ਹ ਵਿਚ ਵੀਰਵਾਰ ਸ਼ਾਮ ਨੂੰ ਇਕ ਨੌਜਵਾਨ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਆਪਣੇ ਭਰਾ ਨੂੰ ਤਲਵਾਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਾਢੇ 6 ਵਜੇ ਦੇ ਕਰੀਬ ਵਾਪਰੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
ਥਾਣਾ ਧਰਮਕੋਟ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦਾ ਨਾਂ ਜਸਵੰਤ ਸਿੰਘ ਹੈ। ਸੁਖਜੀਤ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ। ਨਸ਼ਾ ਕਰਨ ਦੀ ਆਦਤ ਕਾਰਨ ਉਹ ਹਰ ਰੋਜ਼ ਪਰਿਵਾਰ ਤੋਂ ਪੈਸੇ ਮੰਗਦਾ ਸੀ। ਵੀਰਵਾਰ ਨੂੰ ਵੀ ਉਸ ਨੇ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਮਾਂ ਨੇ ਇਨਕਾਰ ਕਰ ਦਿੱਤਾ। ਸੁਖਜੀਤ ਆਪਣੀ ਮਾਂ ਨਾਲ ਲੜਨ ਲੱਗ ਪਿਆ।
ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਜੀਤ ਸਿੰਘ ਨਸ਼ੇ ਦਾ ਆਦੀ ਹੋਣ ਕਾਰਨ ਰੋਜ਼ਾਨਾ ਦੀ ਤਰ੍ਹਾਂ ਆਪਣੀ ਮਾਂ ਹਰਜਿੰਦਰ ਕੌਰ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਕਾਰਨ ਜਸਵੰਤ ਸਿੰਘ ਨੇ ਸੁਖਜੀਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਸੁਖਜੀਤ ਸਿੰਘ ਦੀ ਪਤਨੀ ਤਨੂ ਦੇ ਬਿਆਨਾਂ ’ਤੇ ਮੁਲਜ਼ਮ ਜਸਵੰਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੰਸਪੈਕਟਰ ਅਨੁਸਾਰ ਇਹ ਦੇਖ ਕੇ ਉਸ ਦਾ ਦੂਜਾ ਭਰਾ ਜਸਵੰਤ ਸਿੰਘ ਆਪਣੀ ਮਾਂ ਨੂੰ ਬਚਾਉਣ ਲਈ ਆ ਗਿਆ ਤਾਂ ਨਸ਼ੇੜੀ ਸੁਖਜੀਤ ਸਿੰਘ ਨੇ ਆਪਣੇ ਭਰਾ ਨਾਲ ਵੀ ਲੜਾਈ ਸ਼ੁਰੂ ਕਰ ਦਿੱਤੀ। ਆਪਣੇ ਭਰਾ ਦੇ ਨਸ਼ੇ ਤੋਂ ਦੁਖੀ ਜਸਵੰਤ ਸਿੰਘ ਨੇ ਆਪਣੀ ਤਲਵਾਰ ਚੁੱਕ ਕੇ ਸੁਖਜੀਤ ਸਿੰਘ ਦੇ ਸਰੀਰ ‘ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।