ਨਸ਼ੇੜੀ ਪਿਓ ਨੇ ਤੇਜ਼ਧਾਰ ਹਥਿਆਰ ਨਾਲ ਪੁੱਤ ਤੇ ਘਰਵਾਲੀ ਵੱਢੀ, ਦੋਵੇਂ ਪੀਜੀਆਈ ਭਰਤੀ

0
622

ਸਮਰਾਲਾ : ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਕੋਟਾਲਾ ‘ਚ ਅੱਜ ਸਵੇਰੇ ਕਰੀਬ ਸਾਢੇ 6 ਵਜੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਤੇ ਪੁੱਤ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ।

ਜਖਮੀ ਔਰਤ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਜਸਵਿੰਦਰ ਕੌਰ ਤੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੀਜਾ ਹਰਜੀਤ ਸਿੰਘ ਜੋ ਕਿ ਲੱਕੜ ਦਾ ਕੰਮ ਕਰਦਾ ਹੈ, ਉਹ ਨਸ਼ਿਆਂ ਦਾ ਪੂਰਾ ਆਦੀ ਹੈ ਤੇ ਨਸ਼ਿਆਂ ਕਰਕੇ ਹੀ ਘਰ ਵਿਚ ਅਕਸਰ ਕਲੇਸ਼ ਕਰਦਾ ਰਹਿੰਦਾ ਹੈ।

ਇਸ ਵਾਰਦਾਤ ਤੋਂ ਪਹਿਲਾਂ ਵੀ ਕਈ ਵਾਰੀ ਪੰਚਾਇਤਾਂ ‘ਚ ਉਸਦਾ ਰਾਜੀਨਾਮਾ ਕਰਵਾਇਆ ਗਿਆ ਹੈ ਪਰ ਫਿਰ ਵੀ ਉਹ ਨਹੀਂ ਸੁਧਰਦਾ। ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ ਤੇ ਪੁੱਜ ਕੇ ਉਨ੍ਹਾਂ ਵੇਖਿਆ ਕਿ ਉਸਦੀ ਭੈਣ ਜਸਵਿੰਦਰ ਕੌਰ ਤੇ 17 ਸਾਲਾ ਭਾਣਜਾ ਬੁਰੀ ਤਰ੍ਹਾਂ ਲਹੂਲੁਹਾਨ ਹੋਏ ਖੇਤਾਂ ‘ਚ ਡਿੱਗੇ ਪਏ ਹਨ।

ਉਨ੍ਹਾਂ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਦੋਹਾਂ ਜਖ਼ਮੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।