ਲੁਧਿਆਣਾ ‘ਚ ਡਰਾਈਵਰਾਂ ਨੇ ਦਿੱਲੀ ਹਾਈਵੇਅ ਕੀਤਾ ਜਾਮ : ਹਿੱਟ ਐਂਡ ਰਨ ਕਾਨੂੰਨ ਵਿਰੁੱਧ ਪ੍ਰਦਰਸ਼ਨ

0
2951

ਲੁਧਿਆਣਾ, 3 ਜਨਵਰੀ|  ਲੁਧਿਆਣਾ ਵਿੱਚ ਅੱਜ ਢੰਡਾਰੀ ਪੁਲ ਨੇੜੇ ਟਰੱਕ ਚਾਲਕਾਂ ਨੇ ਦਿੱਲੀ-ਹਾਈਵੇਅ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕ ‘ਤੇ ਜਾ ਰਹੇ ਕੁਝ ਟਰੱਕ ਡਰਾਈਵਰਾਂ ਨਾਲ ਦੁਰਵਿਵਹਾਰ ਵੀ ਕੀਤਾ। ਕਰੀਬ 3 ਤੋਂ 4 ਕਿਲੋਮੀਟਰ ਦੇ ਜਾਮ ਤੋਂ ਬਾਅਦ ਏਸੀਪੀ ਸੰਦੀਪ ਵਢੇਰਾ ਤੁਰੰਤ ਟੀਮ ਨਾਲ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਈਵੇਅ ਤੋਂ ਹਟਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਹਨ। ਜੇਕਰ ਸਰਕਾਰ ਨੇ ਕਾਨੂੰਨ ਨੂੰ ਰੱਦ ਕਰਨ ‘ਤੇ ਵਿਚਾਰ ਨਹੀਂ ਕੀਤਾ ਤਾਂ ਉਹ ਹਰ ਰੋਜ਼ ਦਿੱਲੀ ਨੈਸ਼ਨਲ ਹਾਈਵੇਅ ‘ਤੇ ਜਾਮ ਲਾਉਣਗੇ। ਅੱਜ ਉਨ੍ਹਾਂ ਨੇ ਹਾਈਵੇਅ ਨੂੰ ਕੁਝ ਸਮੇਂ ਲਈ ਹੀ ਜਾਮ ਕਰ ਦਿੱਤਾ।

ਪ੍ਰਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਹੋਇਆ
ਟਰੱਕ ਡਰਾਈਵਰਾਂ ਦੀ ਅਗਵਾਈ ਕਰ ਰਹੇ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਕਾਲੇ ਕਾਨੂੰਨ ਦੇ ਖ਼ਿਲਾਫ਼ ਹਨ। ਡਰਾਈਵਰਾਂ ‘ਤੇ 10 ਲੱਖ ਰੁਪਏ ਜੁਰਮਾਨੇ ਅਤੇ ਸਜ਼ਾ ਦੀ ਵਿਵਸਥਾ ਗਲਤ ਹੈ। ਵਿਨੋਦ ਕੁਮਾਰ ਅਨੁਸਾਰ ਉਨ੍ਹਾਂ ਪ੍ਰਸ਼ਾਸਨ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਹੈ। ਅਕਸਰ ਹੀ ਹਾਦਸਿਆਂ ਸਮੇਂ ਸਭ ਤੋਂ ਵੱਧ ਗਲਤੀਆਂ ਛੋਟੇ ਵਾਹਨਾਂ ਦੇ ਡਰਾਈਵਰਾਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਪਰ ਟਰੱਕ ਚਾਲਕਾਂ ‘ਤੇ ਕਾਰਵਾਈ ਕੀਤੀ ਜਾਂਦੀ ਹੈ।

ਜੇਕਰ ਕਾਨੂੰਨ ਨੂੰ ਰੱਦ ਨਾ ਕੀਤਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ
ਧਰਨਾਕਾਰੀ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਰਣਜੀਤ ਨੇ ਦੱਸਿਆ ਕਿ ਅੱਜ ਦੇ ਧਰਨੇ ਦੌਰਾਨ ਕੁਝ ਡਰਾਈਵਰ ਵੀਡੀਓ ਬਣਾ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਟਰੈਫਿਕ ਜਾਮ ਵਿੱਚ ਬੈਠ ਕੇ ਵੀਡੀਓ ਨਾ ਬਣਾਉਣ ਲਈ ਕਿਹਾ। ਇਸ ਦੌਰਾਨ ਸੀਨੀਅਰ ਪੁਲਿਿਸ ਅਧਿਕਾਰੀਆਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਮੋਦੀ ਸਰਕਾਰ ਵੱਲੋਂ ਬਣਾਏ ਕਾਨੂੰਨ ਵਿੱਚ ਸਿਰਫ਼ ਡਰਾਈਵਰਾਂ ਦਾ ਹੀ ਕਸੂਰ ਨਹੀਂ ਹੈ। ਕਈ ਵਾਰ ਛੋਟੇ ਵਾਹਨ ਚਾਲਕ ਵੀ ਆਪਣੇ ਵਾਹਨ ਦੇ ਅੱਗੇ ਬ੍ਰੇਕ ਲਗਾ ਦਿੰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ। ਅਜਿਹੇ ਹਾਲਾਤ ‘ਚ ਜੇਕਰ ਡਰਾਈਵਰ ਮੌਕੇ ‘ਤੇ ਰੁਕਦਾ ਹੈ ਤਾਂ ਲੋਕ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਹਨ। ਵੱਡੀ ਗੱਡੀ ਦੀ ਬ੍ਰੇਕ ਲਗਾਉਣ ਵਿੱਚ ਵੀ ਸਮਾਂ ਲੱਗਦਾ ਹੈ। ਇਹਨਾਂ ਹਾਲਤਾਂ ਵਿੱਚ ਡਰਾਈਵਰ ਕਿਵੇਂ ਕੰਮ ਕਰ ਸਕਦੇ ਹਨ?

ਏਸੀਪੀ ਸੰਦੀਪ ਵਢੇਰਾ ਨੇ ਦੱਸਿਆ-
ਏਸੀਪੀ ਸੰਦੀਪ ਵਢੇਰਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਹਾਈਵੇਅ ਨਾ ਜਾਮ ਕਰਨ ਲਈ ਸਮਝਾਇਆ ਗਿਆ ਹੈ। ਹਾਈਵੇਅ ਨੂੰ ਜਾਮ ਕਰਨਾ ਬਹੁਤ ਵੱਡਾ ਅਪਰਾਧ ਹੈ। ਜੇਕਰ ਉਨ੍ਹਾਂ ਦੀ ਕੋਈ ਗੱਲ ਹੈ ਤਾਂ ਉਨ੍ਹਾਂ ਨਾਲ ਕਰੋ। ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਹਾਈਵੇ ਜਾਮ ਨਹੀਂ ਹੋਣ ਦੇਵੇਗਾ।