ਜਲੰਧਰ | ਜਲੰਧਰ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਜਸਬੀਰ ਸਿੰਘ ਨੇ ਨੌਜਵਾਨਾਂ ਨੂੰ ਸਮਾਜ ਨੂੰ ਬਰਾਬਰਤਾ, ਫਿਰਕੂ ਸਦਭਾਵਨਾ ਅਤੇ ਭਰਾਤਰੀ ਪਿਆਰ ਦੇ ਆਦਰਸ਼ਾਂ ’ਤੇ ਚਲਾਉਣ ਲਈ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਜੀ ਦੀ ਵਿਚਾਰਧਾਰਾ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ।
ਦੋਆਬਾ ਕਾਲਜ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਡਾ.ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਾਜ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਨੌਜਵਾਨ ਇਸ ਅਹਿਮ ਕਾਰਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਇਹ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਬਾਬਾ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਆਗੂ ਕਰਾਰ ਦਿੰਦਿਆਂ ਵਧੀਕ ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸੰਵਿਧਾਨ ਲਈ ਖਰੜਾ ਤਿਆਰ ਕਰਨ ਵਿਚ ਬਾਬਾ ਸਾਹਿਬ ਦਾ ਬੇਮਿਸਾਲ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਸਮੁੱਚਾ ਜੀਵਨ ਸਮਾਜਿਕ ਨਿਆਂ, ਬਰਾਬਰਤਾ ਅਤੇ ਗਰੀਬ ਤੇ ਦਬੇ-ਕੁਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਸੀ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਕਮਜ਼ੋਰ ਲੋਕਾਂ ਦੇ ਸਸ਼ਕਤੀਕਰਨ ਲਈ ਅਨੇਕਾ ਪਹਿਲ ਕਦਮੀਆਂ ਕੀਤੀਆਂ ਜੋ ਕਿ ਪੂਰੇ ਵਿਸ਼ਵ ਵਿੱਚ ਲਾਮਿਸਾਲ ਹਨ। ਵਧੀਕ ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਬਾਬਾ ਸਾਹਿਬ ਸਮੁੱਚੇ ਵਿਸ਼ਵ ਦੀਆਂ ਸਿਰਮੌਰ ਸ਼ਖਸੀਅਤਾਂ ਵਿਚੋਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਡਾ. ਅੰਬੇਡਕਰ ਜੀ ਦੀ ਸਖ਼ਤ ਮਿਹਨ, ਲਗਨ ਅਤੇ ਦੂਰ ਅੰਦੇਸ਼ੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਮਾਜਿਕ ਨਿਆਂ ਅਤੇ ਸਭ ਲਈ ਬਰਾਬਰਤਾ ਵਾਲੇ ਸਮਾਜ ਲਈ ਸੰਜੀਦਾ ਉਪਰਾਲੇ ਕਰਨ ਦਾ ਸੱਦਾ ਦਿੱਤਾ ਤਾਂ ਜੋ ਜਾਤ-ਪਾਤ ਤੇ ਰੰਗ ਭੇਦ ਤੋਂ ਮੁਕਤ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਦੁਆਬਾ ਕਾਲਜ ਡਾ. ਪ੍ਰਦੀਪ ਭੰਡਾਰੀ ਵਲੋਂ ਕਾਲਜ ਵਿਖੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਵਲੋਂ ਵੀ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੁੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ ਜਾ ਸਕੇ। ਉਨ੍ਹਾਂ ਸੰਵਿਧਾਨ ਪ੍ਰਤੀ ਜਾਗਰੂਕਤਾ ਲਈ ਸੈਮੀਨਾਰ ਕਰਵਾਉਣ ਲਈ ਐਡਵੋਕੇਟ ਦਰਸ਼ਨ ਸਿੰਘ ਵਲੋਂ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਦਰਸ਼ਨ ਸਿੰਘ, ਡਾ.ਸੁਰਜੀਤ ਲਾਲ, ਡਾ.ਅਸ਼ੋਕ ਸਹੋਤਾ, ਪ੍ਰੋ.ਅਰਵਿੰਦ ਨੰਦਾ, ਜਗਦੀਸ਼ ਡਾਲੀਆ, ਡਾ.ਸੁਰਿੰਦਰ ਕਲਿਆਣ, ਵਿਜੈ ਸਭਰਵਾਲ, ਐਡਵੋਕੇਟ ਮੋਹਨ ਲਾਲ ਫਿਲੌਰੀਆ, ਡਾ.ਨਿਰਮਲ ਸਿੰਘ, ਪ੍ਰੋ.ਰਣਜੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )