ਡਬਲ ਮਰਡਰ ਮਾਮਲਾ : 50 ਹਜ਼ਾਰ ਨਾ ਮਿਲਣ ਕਾਰਨ ਨੌਕਰ ਨੇ ਡੇਅਰੀ ਸੰਚਾਲਕ ਤੇ ਦੂਜੇ ਨੌਕਰ ਦਾ ਕੀਤਾ ਸੀ ਕਤਲ

0
233

ਲੁਧਿਆਣਾ | ਇੱਕ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਸੂਆ ਰੋਡ ’ਤੇ ਪੈਂਦੇ ਪਿੰਡ ਬੁਲਾਰਾ ‘ਚ ਦੋ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਕਿਸੇ ਅਧਿਕਾਰੀ ਨੇ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਮ੍ਰਿਤਕਾਂ ਦੀ ਪਛਾਣ ਡੇਅਰੀ ਸੰਚਾਲਕ ਜੋਤਰਾਮ ਅਤੇ ਉਸ ਦੇ ਨੌਕਰ ਭਗਵੰਤ ਸਿੰਘ ਵਜੋਂ ਹੋਈ ਹੈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਹਰਿਦੁਆਰ ਵੱਲ ਭੱਜ ਗਿਆ ਸੀ। ਪੁਲਿਸ ਨੇ ਜਾਲ ਵਿਛਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਜੋਤਰਾਮ ਦੇ ਲੜਕੇ ਤਰਸੇਮ ਨੇ ਦੱਸਿਆ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਨੌਕਰ ਗਿਰਧਾਰੀ ਨੇ ਦੋਵਾਂ ਦਾ ਕਤਲ ਕੀਤਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵਾਂ ਦੀ ਹੱਤਿਆ ਕਿਉਂ ਕੀਤੀ ਗਈ। ਪੁਲੀਸ ਨੂੰ ਗਿਰਧਾਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਕਿਉਂਕਿ ਉਹ ਘਟਨਾ ਤੋਂ ਬਾਅਦ ਤੋਂ ਫਰਾਰ ਸੀ।

ਜਦੋਂ ਪੁਲਿਸ ਨੇ ਬਾਕੀ ਨੌਕਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਲਕ ਨੇ ਨੌਕਰ ਗਿਰਧਾਰੀ ਦਾ ਹਿਸਾਬ-ਕਿਤਾਬ ਨਿਪਟਾਇਆ ਸੀ ਪਰ ਉਹ ਜੋਤਰਾਮ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਮਾਲਕ ਨੇ ਉਸ ਨੂੰ 50 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਬਹਿਸ ਹੋ ਗਈ। ਇਸ ਕਾਰਨ ਉਸ ਨੇ ਮਾਲਕ ਨੂੰ ਮਾਰ ਦਿੱਤਾ ਅਤੇ ਜਦੋਂ ਭਗਵੰਤ ਉਸ ਨੂੰ ਬਚਾਉਣ ਆਇਆ ਤਾਂ ਉਸ ਨੂੰ ਵੀ ਮਾਰ ਦਿੱਤਾ। ਮਾਲਕ ਦੀ ਲਾਸ਼ ਕਮਰੇ ਵਿੱਚ ਪਈ ਮਿਲੀ, ਜਦਕਿ ਮਜ਼ਦੂਰ ਦੀ ਲਾਸ਼ ਪਸ਼ੂਆਂ ਕੋਲ ਪਈ ਮਿਲੀ।