ਰਾਜਸਥਾਨ| ਰਾਜਸਥਾਨ ਦੇ ਸਿਰੋਹੀ ਦੇ ਸਰਕਾਰੀ ਹਸਪਤਾਲ ‘ਚ ਮਾਂ ਦੇ ਕੋਲ ਸੌਂ ਰਹੇ 1 ਮਹੀਨੇ ਦੇ ਬੱਚੇ ਨੂੰ ਕੁੱਤੇ ਚੁੱਕ ਕੇ ਲੈ ਗਏ। ਕੁੱਤਿਆਂ ਨੇ ਮਾਸੂਮ ਦਾ ਪੇਟ ਅਤੇ ਇਕ ਹੱਥ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੁੱਤਿਆਂ ਨੇ ਮਾਂ ਦੇ ਸਾਹਮਣੇ ਹੀ ਬੱਚੇ ਦਾ ਇੱਕ ਹੱਥ ਨੋਚ ਲਿਆ।
ਸਿਰੋਹੀ ਦੇ ਪਿੰਡ ਪੰਡਵਾੜਾ ਦਾ ਰਹਿਣ ਵਾਲਾ ਮਹਿੰਦਰ ਮੀਨਾ (40) ਸਿਲੀਕੋਸਿਸ ਤੋਂ ਪੀੜਤ ਹੈ। ਮਹਿੰਦਰ ਦਾ ਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੋਮਵਾਰ ਰਾਤ ਉਸ ਦੀ ਪਤਨੀ ਰੇਖਾ 1 ਬੇਟੀ ਅਤੇ 2 ਬੇਟਿਆਂ ਨਾਲ ਆਪਣੇ ਪਤੀ ਦੇ ਬੈੱਡ ਕੋਲ ਹੇਠਾਂ ਫਰਸ਼ ‘ਤੇ ਸੌਂ ਰਹੀ ਸੀ। ਵਾਰਡ ਵਿੱਚ ਘੁੰਮਦੇ ਆਵਾਰਾ ਕੁੱਤੇ ਉਸਦੇ ਇੱਕ ਮਹੀਨੇ ਦੇ ਬੇਟੇ ਵਿਕਾਸ ਨੂੰ ਚੁੱਕ ਕੇ ਲੈ ਗਏ।
ਰਾਤ ਕਰੀਬ ਡੇਢ ਵਜੇ ਜਦੋਂ ਰੇਖਾ ਜਾਗ ਪਈ ਤਾਂ ਬੱਚਾ ਗਾਇਬ ਸੀ। ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਵਾਰਡ ਦੇ ਬਾਹਰ ਪਾਣੀ ਵਾਲੀ ਟੈਂਕੀ ਕੋਲ ਕੁਝ ਕੁੱਤੇ ਉਸ ਨੂੰ ਖਾਂਦੇ ਦਿਖਾਈ ਦਿੱਤੇ। ਜਦੋਂ ਔਰਤ ਭੱਜ ਕੇ ਕੋਲ ਗਈ ਤਾਂ ਇੱਕ ਕੁੱਤਾ ਬੱਚੇ ਦਾ ਹੱਥ ਮੂੰਹ ਵਿੱਚ ਫੜ੍ਹ ਕੇ ਭੱਜ ਗਿਆ। ਕੁੱਤਿਆਂ ਨੇ ਉਸ ਨੂੰ ਵੱਢ ਕੇ ਮਾਰ ਦਿੱਤਾ ਸੀ।
ਜਦੋਂ ਤੱਕ ਉਸ ਦੀ ਮਾਂ ਉਸ ਜਗ੍ਹਾ ਪਹੁੰਚੀ ਜਿੱਥੇ ਕੁੱਤੇ ਬੱਚੇ ਨੂੰ ਨੋਚ ਰਹੇ ਸਨ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਵਿੱਚ ਸੀਸੀਟੀਵੀ ਵੀ ਲਗਾਏ ਗਏ ਹਨ ਪਰ ਫਿਲਹਾਲ ਇਸਦੀ ਫੁਟੇਜ ਸਾਹਮਣੇ ਨਹੀਂ ਆਈ ਹੈ। ਹਸਪਤਾਲ ਪ੍ਰਸ਼ਾਸਨ ਵੀ ਇਸ ‘ਤੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ।
ਕਾਰਜਕਾਰੀ ਚੀਫ਼ ਮੈਡੀਕਲ ਅਫ਼ਸਰ ਡਾ: ਵਰਿੰਦਰ ਮਹਾਤਮਾ ਨੇ ਦੱਸਿਆ ਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਇਆ, ਫਿਰ ਮੰਗਲਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਠਿਤ ਮੈਡੀਕਲ ਬੋਰਡ ਦੇ ਇੰਚਾਰਜ ਡਾ: ਸ਼ਕਤੀ ਸਿੰਘ ਨੇ ਦੱਸਿਆ ਕਿ ਬੱਚੇ ਦਾ ਸਿਰ, ਇੱਕ ਹੱਥ ਅਤੇ ਦੋ ਲੱਤਾਂ ਬਾਕੀ ਹਨ। ਉਸਦਾ ਢਿੱਡ ਅਤੇ ਬਾਂਹ ਨਹੀਂ ਸੀ।
ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣ ਦੀ ਬਜਾਏ ਦਿਖਾਵੇ ਲਈ ਕਾਰਵਾਈ ਕੀਤੀ ਹੈ। ਹਸਪਤਾਲ ‘ਚ ਤਾਇਨਾਤ ਇਕਲੌਤੇ ਗਾਰਡ ਭਵਾਨੀ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਦੂਜੇ ਪਾਸੇ ਕਲੈਕਟਰ ਡਾ.ਭੰਵਰਲਾਲ ਨੇ ਨਰਸਿੰਗ ਅਫਸਰ ਸੁਰੇਸ਼ ਨੂੰ ਟੀ.ਬੀ ਵਾਰਡ ਵਿੱਚ ਤਾਇਨਾਤ ਕੀਤਾ ਹੈ।