ਮੌਤ ਰਜਿਸਟ੍ਰੇਸ਼ਨ ਰਿਕਾਰਡ ‘ਚ ਖੁਲਾਸਾ : ਦਿਲ ਦੇ ਕਮਜ਼ੋਰ ਹੋ ਚੁੱਕੇ ਨੇ ਪੰਜਾਬੀ! ਹਾਰਟ ਅਟੈਕ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਹੋ ਰਹੀ ਮੌਤ

0
1212

ਚੰਡੀਗੜ੍ਹ| ਪੰਜਾਬੀਆਂ ਦੇ ਦਿਲ ਹੁਣ ਪਹਿਲਾਂ ਨਾਲੋਂ ਕਮਜ਼ੋਰ ਹੋ ਚੁੱਕੇ ਹਨ। ਇਸ ਦਾ ਅੰਦਾਜ਼ਾ ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ ਸੂਬੇ ਵਿਚ ਪਿਛਲੇ 13 ਸਾਲਾਂ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਚਲਦਿਆਂ ਦਿਲ ਦਾ ਦੌਰਾ ਰੋਜ਼ਾਨਾ 98.5 ਮੌਤਾਂ ਅਤੇ ਹਰੇਕ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਬਣਿਆ ਹੈ। 1 ਜਨਵਰੀ 2010 ਤੋਂ 31 ਦਸੰਬਰ 2022 ਤੱਕ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹਨਾਂ 13 ਸਾਲਾਂ ਦੌਰਾਨ ਦਿਲ ਦੇ ਦੌਰਿਆਂ ਨੇ 4,67,559 ਲੋਕਾਂ ਦੀ ਜਾਨ ਲਈ ਹੈ। ਹਰ ਸਾਲ ਔਸਤਨ 35,959 ਲੋਕਾਂ ਦੀ ਮੌਤ ਹੋਈ ਹੈ।

ਉਧਰ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਹਨਾਂ ਵਿਚੋਂ ਜ਼ਿਆਦਾਤਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਹਨੀਂ ਦਿਨੀਂ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕੇਂਦਰੀ ਸਿਹਤ ਸਰਵੇ ਅਨੁਸਾਰ ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਨਾਂ ਵਿਚ ਸਭ ਤੋਂ ਵੱਡਾ ਕਾਰਨ ਤੰਬਾਕੂ ਅਤੇ ਸ਼ਰਾਬ ਹੈ। ਘੱਟ ਸਰੀਰਕ ਗਤੀਵਿਧੀਆਂ, ਪੌਸ਼ਟਿਕ ਖੁਰਾਕ ਦੀ ਕਮੀ, ਫਲ਼ ਸਬਜ਼ੀਆਂ ਦੀ ਘੱਟ ਵਰਤੋਂ ਵੀ ਅਜਿਹੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।