ਕੇਕ ਖਾਣ ਨਾਲ ਬੱਚੀ ਦੀ ਮੌ.ਤ ਦੇ ਮਾਮਲੇ ‘ਚ ਖੁਲਾਸਾ : ਮੁਲਜ਼ਮ ਨਹੀਂ ਵੇਚਦੇ ਸੀ ਤਾਜ਼ੇ ਕੇਕ, ਪਹਿਲਾਂ ਹੀ ਰੱਖਦੇ ਸੀ ਬਣਾ ਕੇ

0
7947

ਪਟਿਆਲਾ | 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ‘ਤੇ ਕੇਕ ਖਾਣ ਕਾਰਨ ਹੋਈ ਮੌਤ ਦੀ ਪੁਲਿਸ ਜਾਂਚ ‘ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬੇਕਰੀ ਵਾਲਿਆਂ ਨੂੰ ਤਾਜ਼ੇ ਕੇਕ ਨਹੀਂ ਵੇਚਦੇ ਸਨ। ਉਹ ਪਹਿਲਾਂ ਹੀ 30 ਤੋਂ 40 ਕੇਕ  75 ਡਿਗਰੀ ਤਾਪਮਾਨ ‘ਤੇ ਅੱਧੇ ਬਣਾ ਕੇ ਫਰਿੱਜ ‘ਚ ਰੱਖਦੇ ਸੀ।

ਅਜਿਹੇ ‘ਚ ਸਵੇਰੇ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਉਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਕਿ ਕੇਕ ਚੰਗਾ ਹੈ ਜਾਂ ਮਾੜਾ ਅਤੇ ਇਸ ਵਿਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।

ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਨਾਜ ਮੰਡੀ ਥਾਣੇ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਥੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ।