ਲੁਧਿਆਣਾ | ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਥੇ ਦੁੱਧ ਨਾ ਵਰਤਿਆ ਜਾਂਦਾ ਹੋਵੇ। ਪਰ ਅੱਜ ਦੇ ਦੌਰ ਵਿਚ ਮਿਲਾਵਟਖੋਰਾਂ ਨੇ ਦੁੱਧ ਨੂੰ ਵੀ ਨਹੀਂ ਬਖਸ਼ਿਆ। ਜ਼ਿਲੇ ਵਿਚ ਦੁੱਧ ਦੇ ਨਾਂ ‘ਤੇ ਲੋਕਾਂ ਨੂੰ ਪਾਣੀ ਵੇਚਿਆ ਜਾ ਰਿਹਾ ਹੈ। ਸ਼ੁੱਧ ਦੁੱਧ ਵੇਚਣ ਦਾ ਦਾਅਵਾ ਕਰਨ ਵਾਲੇ ਗਾਹਕਾਂ ਨੂੰ ਠੱਗ ਰਹੇ ਹਨ।
ਇਹ ਖ਼ੁਲਾਸਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਵੱਲੋਂ ਕਰਵਾਏ ਫੂਡ ਫੈਸਟੀਵਲ ਦੌਰਾਨ ਸਾਹਮਣੇ ਆਇਆ ਹੈ।
ਵਰਲਡ ਮਿਲਕ ਡੇ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਰਹਿਣ ਵਾਲੇ ਲੋਕ ਦੁੱਧ ਦੇ ਸੈਂਪਲ ਜਾਂਚ ਲਈ ਲੈ ਕੇ ਆਏ ਸਨ। ਕੈਂਪ ‘ਚ 101 ਸੈਂਪਲ ਜਾਂਚ ਲਈ ਪਹੁੰਚੇ ਸਨ। ਸੈਂਪਲ ਜਾਂਚ ਲਈ ਦੇਣ ਵਾਲੇ ਕਰੀਬ 64 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਉਹ ਦੋਧੀਆਂ ਜਾਂ ਡੇਅਰੀਆਂ ਤੋਂ ਦੁੱਧ ਲੈਂਦੇ ਹਨ, ਜਦਕਿ 33 ਫ਼ੀਸਦੀ ਨੇ ਕਿਹਾ ਕਿ ਉਹ ਪ੍ਰਾਈਵੇਟ ਡੇਅਰੀਆਂ ਤੋਂ ਦੁੱਧ ਲੈਂਦੇ ਹਨ।
ਸੈਂਪਲ ਜਾਂਚ ‘ਚ 15 ਤੋਂ 40 ਫ਼ੀਸਦੀ ਤਕ ਪਾਣੀ ਦੀ ਮਿਲਾਵਟ ਕੀਤੀ ਜਾ ਰਹੀ ਹੈ। ਕੁਝ ਸੈਂਪਲਾਂ ‘ਚ ਤਾਂ ਦੁੱਧ ‘ਚ ਪਾਣੀ ਦੀ ਮਿਲਾਵਟ 50 ਫ਼ੀਸਦੀ ਤਕ ਪਾਈ ਗਈ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸੈਂਪਲਾਂ ‘ਚ ਪਾਣੀ ਦੀ ਮਿਲਾਵਟ ਪਾਈ ਗਈ, ਉਨ੍ਹਾਂ ‘ਚ ਪੋਸ਼ਕ ਤੱਤ ਵੀ ਨਿਰਧਾਰਤ ਮਾਪਦੰਡਾਂ ਤੋਂ ਘੱਟ ਮਿਲੇ ਹਨ।