ਚੰਡੀਗੜ੍ਹ . ਕਰਫਿਊ/ਲਾਕਡਾਊਨ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਤੋਂ 20 ਅਪ੍ਰੈਲ ਦਰਮਿਆਨ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ (4709 ਤੋਂ 5695 ਤੱਕ) 21% ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਦੌਰਾਨ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਵੀ ਇਸੇ ਪ੍ਰਤੀਸ਼ਤ ਨਾਲ (3287 ਤੋਂ 3993 ਤੱਕ) ਵੱਧੇ ਹਨ।
- ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਪਿਛਲੇ 3 ਮਹੀਨੇ ਵਿਚ 20 ਮਾਰਚ 2020 ਤੱਕ ਡਾਇਲ 112 ਤੇ ਪ੍ਰਤੀ ਦਿਨ ਆਉਣ ਵਾਲੀਆਂ ਕਾਲਾਂ ਦੀ ਗਿਣਤੀ 133 ਹੋ ਗਈ ਹੈ। ਇਸ ਤਰ੍ਹਾਂ ਘਰੇਲੂ ਹਿੰਸਾ ਦੇ ਮਾਮਲੇ ਕੁੱਲ 34% ਹੋ ਗਏ। ਇਸ ਮਿਆਦ ਵਿੱਚ ਕੁੱਲ ਮਾਮਲਿਆਂ ਵਿੱਚ ਪ੍ਰਤੀ ਦਿਨ ਵਾਧਾ 30% ਹੈ।
ਡੀਐਸਪੀਜ਼ ਨੂੰ ਹਰ ਰੋਜ਼ ਪੇਸ਼ ਕਰਨੀ ਹੋਵੇਗੀ ਰਿਪੋਰਟ
ਉਨ੍ਹਾਂ ਮੁਤਾਬਿਕ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਹਰ ਰੋਜ਼ ਡੀਐਸਪੀ ਨੂੰ ਔਰਤਾਂ ਵਿਰੁੱਧ ਅਪਰਾਧ (ਸੀ.ਏ.ਡਬਲਿਊ) ਸਬੰਧੀ ਰੋਜ਼ਾਨਾ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ। ਡੀਜੀਪੀ ਨੇ ਇੱਕ ਵੀਡੀਓ ਕਾਨਫਰੰਸ ਕਰਕੇ ਪੁਲਿਸ ਰਿਸਪਾਂਸ ਪ੍ਰਣਾਲੀ ਨੂੰ ਤਿਆਰ ਕਰਨ ਲਈ ਐਸ.ਓ.ਪੀ. ਨੂੰ ਲਗਾਇਆ ਹੈ।
ਲੋੜ ਪੈਣ ਤੇ ਪੁਲਿਸ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਕਰੇਗੀ, ਜਿਨ੍ਹਾਂ ਦਾ ਪ੍ਰਬੰਧਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦ ਕੀਤੇ ਗਏ ਕੌਂਸਲਰਾਂ ਵਲੋਂ ਕੀਤਾ ਜਾਂਦਾ ਹੈ।
ਇਹ ਫੈਸਲਾ ਲਿਆ ਗਿਆ ਹੈ ਕਿ ਇਹ ਟੀਮਾਂ ਮੁਸੀਬਤ ਵਿਚ ਫਸੀਆਂ ਔਰਤਾਂ ਨਾਲ ਤੁਰੰਤ ਤਾਲ ਮੇਲ ਕਰਨਗੀਆਂ, ਪੀੜਤ ਦੀ ਮਦਦ ਕਰਨਗੀਆਂ। ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਡਾਕਟਰੀ ਜਾਂਚ ਵੀ ਕੀਤੀ ਜਾਂਦੀ ਹੈ। ਜੇ ਕੋਈ ਕੇਸ ਬਣ ਜਾਂਦਾ ਹੈ ਤਾਂ ਐਸਐਚਓ ਨਾਲ ਸੰਪਰਕ ਕਰਕੇ ਟੀਮ ਅਪਰਾਧਿਕ ਕਾਰਵਾਈ ਸ਼ੁਰੂ ਕਰੇਗੀ।
ਡੀਜੀਪੀ ਨੇ ਸਖਤ ਚਿਤਾਵਨੀ ਦਿੱਤੀ ਕਿ ਅਜਿਹੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।