ਅੰਮ੍ਰਿਤਸਰ । ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਲਿਆ ਗਿਆ ਅਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡੀਜੀਪੀ ਪੰਜਾਬ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਢਲੀ ਜਾਂਚ ਚਲ ਰਹੀ ਹੈ ਅਤੇ ਜਲਦ ਹੀ ਅਸੀਂ ਪੂਰੀ ਘਟਨਾ ਦੀ ਜਾਣਕਾਰੀ ਇਕੱਠੀ ਕਰ ਕੇ ਕੇਸ ਨੂੰ ਸੁਲਝਾਵਾਂਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਬਹਾਦੁਰ ਹਨ। ਉਨ੍ਹਾਂ ਲੰਮਾ ਸਮਾਂ ਅੱਤਵਾਦ ਨਾਲ ਮੱਥਾ ਲਾਇਆ ਅਤੇ ਉਸ ਨੂੰ ਖਤਮ ਕੀਤਾ ਹੈ ਅਤੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਅੱਤਵਾਦ ਨਾਲ ਸੰਬੰਧਤ ਐਕਟੀਵੀਟੀ ਨੂੰ ਪਨਪਣ ਨਹੀਂ ਦਿਤਾ ਜਾਵੇਗਾ। ਲੋਕ ਪੁਲਿਸ ‘ਤੇ ਵਿਸ਼ਵਾਸ ਕਰ ਕੇ ਪੁਲਿਸ ਦਾ ਸਾਥ ਦੇਣ। ਅਸੀਂ ਉਨ੍ਹਾਂ ਨੂੰ ਪੂਰਨ ਤੌਰ ‘ਤੇ ਸੁਰੱਖਿਆ ਦੇਣ ਲਈ ਵਚਨਬੱਧ ਹਾਂ ਪਰ ਅੱਜ ਹੋਈ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ।