ਸ੍ਰੀ ਮਾਛੀਵਾੜਾ ਸਾਹਿਬ| ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ‘ਚ ਸਿਹਤ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਟੀਕੇ ਲਗਾਏ ਜਾਣ ਤੋਂ ਬਾਅਦ ਕਈ ਵਿਦਿਆਰਥਣਾਂ ਦੀ ਸਿਹਤ ਵਿਗੜਨ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਦਿਆਰਥਣਾਂ ਨੂੰ ਟੈਟਨਸ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਜਦੋਂ ਸਿਹਤ ਵਿਭਾਗ ਵੱਲੋਂ 150 ਤੋਂ ਵੱਧ ਵਿਦਿਆਰਥਣਾਂ ਨੂੰ ਇਹ ਟੀਕੇ ਲਗਾਏ ਗਏ ਤਾਂ 1 ਦਰਜਨ ਦੇ ਕਰੀਬ ਵਿਦਿਆਰਥਣਾਂ ਦੀ ਸਿਹਤ ਵਿਗੜਨ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਬੇਹੋਸ਼ ਹੋ ਗਈਆਂ। ਵਿਦਿਆਰਥਣਾਂ ਦੀ ਵਿਗੜਦੀ ਸਿਹਤ ਨੂੰ ਦੇਖ ਕੇ ਹਫੜਾ-ਦਫੜੀ ਮਚ ਗਈ ਅਤੇ ਉਨ੍ਹਾਂ ਨੂੰ ਤੁਰੰਤ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ।
ਇਨ੍ਹਾਂ ਵਿਦਿਆਰਥਣਾਂ ਵਿੱਚ ਮਨਪ੍ਰੀਤ ਕੌਰ ਬੁਰਜ ਪਵਾਤ, ਅਮਨਦੀਪ ਕੌਰ ਗੜ੍ਹੀ ਬੇਟ, ਜਸਪ੍ਰੀਤ ਕੌਰ ਮੰਡ ਸੁੱਖੇਵਾਲ, ਮਨਪ੍ਰੀਤ ਕੌਰ ਝਡੌਦੀ, ਸ਼ਹਿਨਾਜ਼ ਮਾਛੀਵਾੜਾ, ਹਰਪ੍ਰੀਤ ਕੌਰ ਮਿੱਠੇਵਾਲ ਅਤੇ ਖੁਸ਼ੀ ਮਾਛੀਵਾੜਾ ਤੋਂ ਇਲਾਵਾ ਚਾਰ ਹੋਰ ਵਿਦਿਆਰਥਣਾਂ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਟੀਕਾ ਲਗਾਉਣ ਤੋਂ ਬਾਅਦ ਵਿਗੜ ਗਈ। ਫਿਲਹਾਲ ਇਲਾਜ ਅਧੀਨ ਸਾਰੀਆਂ ਲੜਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਡਾਕਟਰ ਆਪਣੀ ਨਿਗਰਾਨੀ ਹੇਠ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।