ਵਿਰੋਧ ਦੇ ਬਾਵਜੂਦ ਵੀ ਭਾਜਪਾ ਦੇ ਲੀਡਰ ਤਰੁਣ ਚੁਘ ਦਾ ਦਾਅਵਾ, ਪੰਜਾਬ ‘ਚ ਬਣੇਗੀ ਬੀਜੇਪੀ ਦੀ ਸਰਕਾਰ

0
1496

ਚੰਡੀਗੜ੍ਹ | ਪੰਜਾਬ ‘ਚ ਖੇਤੀ ਕਾਨੂੰਨਾਂ ਖਿਲਾਫ ਬੀਜੇਪੀ ਦਾ ਵੱਡੇ ਪੱਧਰ ‘ਤੇ ਵਿਰੋਧ ਹੋ ਰਿਹਾ ਹੈ। ਅਜਿਹੇ ‘ਚ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪੰਜਾਬ ’ਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ। ਉਨ੍ਹਾਂ ਕਿਹਾ 2022 ’ਚ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਚੁੱਘ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਆਸ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕੀਤੇ ਜਾਣ ਨਾਲੋਂ ਕਿਸਾਨ ਖੁਦ ਇਨ੍ਹਾਂ ਕਾਨੂੰਨਾਂ ਨੂੰ ਸਮਝਣਗੇ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਵੀ ਖੇਤੀਬਾੜੀ ਉਤਪਾਦ ਮਾਰਕੀਟਿੰਗ ਕਮੇਟੀ (ਏਪੀਐੱਮਸੀ) ਬਾਰੇ ਚਰਚਾ ਹੁੰਦੀ ਰਹੀ ਹੈ।

ਵੱਡੇ ਪੱਧਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕੁਝ ਨਿੱਜੀ ਹਿੱਤਾਂ ਵਾਲੇ ਲੋਕਾਂ ਦੇ ਹੱਥਾਂ ’ਚ ਚਲਾ ਗਿਆ ਹੈ ਤੇ ਇਹ ਲੋਕ ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਖੜ੍ਹੀ ਕਰਨਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ‘ਤੇ ਤਨਜ ਕੱਸਦਿਆਂ ਚੁੱਘ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਹਿਲਾਂ ਇਹ ਖੇਤੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਰਹੇ ਤੇ ਬਾਅਦ ਵਿੱਚ ਉਹ ਪਿਛਲੇ ਦਰਵਾਜ਼ਿਓਂ ਐੱਨਡੀਏ ’ਚੋਂ ਬਾਹਰ ਨਿਕਲ ਕੇ ਬਲਦੀ ’ਤੇ ਤੇਲ ਪਾਉਣ ਲੱਗ ਪਏ।

ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ਸ਼ਰ੍ਹੇਆਮ ਖੇਤੀ ਕਾਨੂੰਨਾਂ ਬਾਰੇ ਗਲਤ ਪ੍ਰਚਾਰ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਹ ਕਾਨੂੰਨ ਕਿਸਾਨਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਲਈ ਹਨ। ਸੁਖਬੀਰ ਬਾਦਲ ਵੱਲੋਂ ਕੀਤੀਆਂ ਗਈਆਂ ਤਲਖ ਟਿੱਪਣੀਆਂ ਬਾਰੇ ਚੁੱਘ ਨੇ ਕਿਹਾ ਕਿ ਉਹ ਬੁਖਲਾਹਟ ’ਚ ਆ ਕੇ ਅਜਿਹੇ ਬਿਆਨ ਦੇ ਰਹੇ ਹਨ।

ਵੱਡੀ ਗੱਲ ਹੈ ਕਿ ਮੌਜੂਦਾ ਖਿਲਾਫਤ ਦੇ ਮਾਹੌਲ ਦੇ ਬਾਵਜੂਦ ਤਰੁਣ ਚੁੱਘ ਨੂੰ ਆਸ ਹੈ ਕਿ ਪੰਜਾਬ ‘ਚ ਬੀਜੇਪੀ ਦੀ ਹੀ ਸਰਕਾਰ ਬਣੇਗੀ। ਤਰੁਣ ਚੁੱਘ ਦਾ ਮੌਜੂਦਾ ਸਮੇਂ ਦਿੱਤਾ ਇਹ ਬਿਆਨ ਹਾਸੋਹੀਣਾ ਜਾਪਦਾ ਹੈ। ਕਿਉਂਕਿ ਬੀਜੇਪੀ ਦਾ ਪਹਿਲਾਂ ਵੀ ਪੰਜਾਬ ‘ਚ ਕੋਈ ਮਜਬੂਤ ਆਧਾਰ ਨਹੀਂ ਹੈ ਤੇ ਹੁਣ ਤਾਂ ਫੇਰ ਕਹਾਣੀ ਹੀ ਵਿਗੜ ਗਈ ਹੈ।