ਮੌਸਮ ਖਰਾਬ ਰਹਿਣ ਦੇ ਬਾਵਜੂਦ ਢਾਈ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਦੇ ਕੀਤੇ ਦਰਸ਼ਨ, ਸੋਮਵਾਰ ਨੂੰ ਹੋਏ ਕਿਵਾੜ ਬੰਦ

0
600

ਉੱਤਰਾਖੰਡ| ਇਸ ਵਾਰ ਮੌਸਮ ਖਰਾਬ ਰਹਿਣ ਦੇ ਬਾਵਜੂਦ ਵੱਡੀ ਗਿਣਤੀ ‘ਚ ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚੇ । ਇਸ ਸਾਲ 22 ਮਈ ਤੋਂ ਲੈ ਕੇ ਹੁਣ ਤੱਕ 142 ਦਿਨ ਚੱਲੀ ਯਾਤਰਾ ਦੌਰਾਨ 2,47,000 ਦੇ ਕਰੀਬ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਕੀਤੇ0।

ਦੱਸ ਦਈਏ ਕਿ ਉੱਤਰਾਖੰਡ ਦੇ ਚਮੋਲੀ ’ਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸੋਮਵਾਰ ਨੂੰ ਬੰਦ ਕਰ ਦਿੱਤੇ ਜਾਣ ਉਪਰੰਤ ਯਾਤਰਾ ਦੀ ਸਮਾਪਤੀ ਹੋ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਭਾਵੇਂ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਗੋਬਿੰਦਘਾਟ ਤੇ ਘੰਗੜੀਆ ਵਿੱਚ ਤੀਰਥ ਯਾਤਰਾ ਪ੍ਰਭਾਵਿਤ ਹੋਈ ਸੀ ਪਰ ਇਸ ਦੇ ਬਾਵਜੂਦ ਸੋਮਵਾਰ ਨੂੰ ਕਿਵਾੜ ਬੰਦ ਹੋਣ ਤੋਂ ਪਹਿਲਾਂ ਲਗਪਗ 1500 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਨਤਮਸਤਕ ਹੋਏ।

ਉਨ੍ਹਾਂ ਦੱਸਿਆ ‌ਕਿ ਇਸ ਸਾਲ 22 ਮਈ ਤੋਂ ਲੈ ਕੇ ਹੁਣ ਤੱਕ 142 ਦਿਨ ਚੱਲੀ ਯਾਤਰਾ ਦੌਰਾਨ 2,47,000 ਦੇ ਕਰੀਬ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਪਾਠ ਕੀਤਾ। ਉਪਰੰਤ ਭਾਈ ਸੂਬਾ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਭਾਈ ਗੁਲਾਬ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਖਖੰਡ ਵਿਖੇ ਸੁਸ਼ੋਭਿਤ ਕੀਤੇ ਗਏ।