ਬਠਿੰਡਾ, 13 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੀਵਾਲੀ ਮੌਕੇ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇਕ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ 3 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿਚ ਭਾਈ ਬਖਤੌਰ ਦਾਸ ਦੇ ਡੇਰੇ ਵਿਚ, ਪਿੰਡ ਦੇ ਸੰਧੂ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਕਰਵਾਏ ਜਾ ਰਹੇ ਸਨ। ਮਹੰਤ ਬਖਤੌਰ ਦਾਸ ਡੇਰੇ ਵਿਚ ਪਾਠ ਮੌਕੇ ਦਾਰੂ ਪੀ ਕੇ ਬੈਠਣ ਦਾ ਮਾਮਲਾ ਸਾਹਮਣੇ ਆਉਣ ‘ਤੇ ਮਾਹੌਲ ਤਣਾਅਪੂਰਨ ਬਣ ਗਿਆ।
ਜਦੋਂ ਉਕਤ ਪਰਿਵਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੀ ਹਾਜ਼ਰੀ ਵਿਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿਚ ਪਏ ਇਕ ਟਰੰਕ ਵਿਚੋਂ ਪਾੜੇ ਹੋਏ ਗੁਟਕਾ ਸਾਹਿਬ ਬਰਾਮਦ ਕੀਤੇ ਗਏ, ਜਿਨ੍ਹਾਂ ਉਪਰ ਜੁੱਤੀਆਂ ਰੱਖੀਆਂ ਹੋਈਆਂ ਸਨ, ਜਿਸ ‘ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਡੇਰੇ ਦੇ ਮਹੰਤ ਬਖਤੌਰ ਦਾਸ, ਪਾਠੀ ਬਿੱਟੂ ਸਿੰਘ ਅਬਲੂ ਅਤੇ ਇਕ ਹੋਰ ਪਾਠੀ ਜੋ ਕਿ ਧੂਰੀ ਦਾ ਰਹਿਣ ਵਾਲਾ ਹੈ, ਵਿਚੋਂ 2 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਇਕ ਫਰਾਰ ਹੈ।