ਫਰੀਦਕੋਟ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੱਜ ਸਵੇਰੇ ਫਰੀਦਕੋਟ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪਾ ਕੇ ਲਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਨੇ ਡੀਜੀਪੀ ਪੰਜਾਬ ਸਮੇਤ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਦੋਸ਼ੀਆਂ ਖਿਲਾਫ ਐਕਸ਼ਨ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁਲਜ਼ਮ ਭਾਵੇਂ ਕਿਸੇ ਵੀ ਜਾਤ ਜਾਂ ਕੌਮ ਦਾ ਹੋਵੇ, ਉਸ ਨੂੰ ਬਖਸ਼ਿਆ ਨਾ ਜਾਵੇ।
ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਡੇਅਰੀ ਖੋਲ੍ਹ ਰਿਹਾ ਸੀ। ਉਸੇ ਸਮੇਂ ਦੋ ਮੋਟਰਸਾਈਕਲਾਂ ‘ਤੇ ਸਵਾਰ 5 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ ਗੰਨਮੈਨ ਵੀ ਉਸ ਦੇ ਨਾਲ ਸੀ। ਹਮਲਾਵਰਾਂ ਨੇ ਉਸ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਇਕ ਹੋਰ ਦੁਕਾਨ ਦੇ ਸੰਚਾਲਕ ਨੂੰ ਵੀ ਗੋਲੀ ਮਾਰੀ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।