ਡਿਪਟੀ ਕਮਿਸ਼ਨਰ ਮੰਡੀਆਂ ਤੇ ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਵਾਲੇ ਖੇਤਾਂ ਦਾ ਕਰਨ ਦੌਰਾ – ਮੁੱਖ ਸਕੱਤਰ

0
1605
ਚੰਡੀਗੜ੍ਹ, 21 ਅਪ੍ਰੈਲ | ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ‘ਚ ਚੱਲ ਰਹੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਬੇਮੌਸਮੀ ਮੀਂਹ ਨਾਲ ਖਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਹਾਲਤ ‘ਚ ਯਕੀਨੀ ਬਣਾਉਣ ਕਿ ਕਿਸਾਨਾਂ ਵੱਲੋਂ ਮੰਡੀ ‘ਚ ਲਿਆਂਦੀ ਗਈ ਫਸਲ ਦੀ ਫੌਰੀ ਤੌਰ ‘ਤੇ ਖਰੀਦ ਹੋਵੇ। ਇਸ ਦੇ ਨਾਲ ਹੀ 48 ਘੰਟਿਆਂ ਦੇ ਅੰਦਰ-ਅੰਦਰ ਖਰੀਦੀ ਫਸਲ ਦੀ ਅਦਾਇਗੀ ਕਿਸਾਨ ਦੇ ਖਾਤੇ ‘ਚ ਯਕੀਨੀ ਬਣਾਈ ਜਾਵੇ।
 ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਰੋਜ਼ ਆਪਣੇ ਜ਼ਿਲੇ ਦੀਆਂ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਨ, ਜਿਸ ‘ਚ ਉਹ ਜ਼ਿਲੇ ਦੀ ਹਰ ਮੰਡੀ ‘ਚ ਹੋ ਰਹੀ ਖਰੀਦ ਦੀ ਸਮੀਖਿਆ ਕਰਨ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਨਿੱਜੀ ਤੌਰ ‘ਤੇ ਮੰਡੀਆਂ ਦਾ ਦੌਰਾ ਕਰਨ, ਨਾਲ ਹੀ ਬੇਮੌਸਮੀ ਬਾਰਿਸ਼ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਸਬੰਧੀ ਸਰਕਾਰ ਨੂੰ ਫੌਰੀ ਤੌਰ ‘ਤੇ ਰਿਪੋਰਟ ਭੇਜਣ, ਜਿਸ ਕਿਸੇ ਪਿੰਡ ‘ਚ ਵੀ ਬੇਮੌਸਮੀ ਬਾਰਿਸ਼ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ, ਉਸ ਪਿੰਡ ਦਾ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ. ਵੱਲੋਂ ਨਿੱਜੀ ਤੌਰ ‘ਤੇ ਦੌਰਾ ਕੀਤਾ ਜਾਵੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸੀਜ਼ਨ ‘ਚ ਮੰਡੀਆਂ ‘ਚ ਕੁੱਲ 132 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਇਸ ਵਿਚੋਂ ਹੁਣ ਤੱਕ ਮੰਡੀਆਂ ‘ਚ 17.14 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਇਸ ਵਿਚੋਂ 13.23 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਖਰੀਦੀ ਕਣਕ ਦੀ ਕਿਸਾਨ ਨੂੰ 48 ਘੰਟੇ ਦੇ ਅੰਦਰ ਅਦਾਇਗੀ ਕੀਤੀ ਜਾਣੀ ਹੁੰਦੀ ਹੈ। ਇਸ ਅਨੁਸਾਰ ਹੁਣ ਤੱਕ ਕਿਸਾਨਾਂ ਨੂੰ 752 ਕਰੋੜ ਰੁਪਏ ਦੀ ਅਦਾਇਗੀ ਕਰਨੀ ਬਣਦੀ ਸੀ। ਇਸ ਦੇ ਮੁਕਾਬਲੇ ਹੁਣ ਤੱਕ ਕਿਸਾਨਾਂ ਨੂੰ 898 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਭਾਵ ਕਈ ਕਿਸਾਨਾਂ ਨੂੰ 48 ਘੰਟੇ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਗਈ ਹੈ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਖਰੀਦੀ ਫਸਲ ਦੀ ਲਿਫਟਿੰਗ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਐਫ.ਸੀ.ਆਈ. ਨਾਲ ਨਿਰੰਤਰ ਤਾਲਮੇਲ ਕਰ ਕੇ ਰੋਜ਼ਾਨਾ ਸਪੈਸ਼ਲ ਗੱਡੀਆਂ ਲਗਵਾ ਰਹੀ ਹੈ। ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੱਕ ਸਪੈਸ਼ਲ ਗੱਡੀਆਂ ਰਾਹੀਂ 61 ਹਜ਼ਾਰ ਮੀਟ੍ਰਿਕ ਟਨ ਕਣਕ ਭੇਜੀ ਜਾ ਚੁੱਕੀ ਹੈ ਤੇ 21 ਅਪ੍ਰੈਲ ਨੂੰ 9 ਸਪੈਸ਼ਲ ਗੱਡੀਆਂ ਰਾਹੀਂ 24 ਹਜ਼ਾਰ ਮੀਟ੍ਰਿਕ ਟਨ ਹੋਰ ਕਣਕ ਭੇਜੀ ਜਾ ਰਹੀ ਹੈ, ਜਿਸ ਨਾਲ ਕੁੱਲ ਮਿਲਾ ਕੇ 85 ਹਜ਼ਾਰ ਮੀਟ੍ਰਿਕ ਟਨ ਕਣਕ ਭੇਜ ਦਿੱਤੀ ਜਾਵੇਗੀ।  22 ਅਪ੍ਰੈਲ ਨੂੰ 26 ਸਪੈਸ਼ਲ ਗੱਡੀਆਂ ਲੱਗਣਗੀਆਂ।
 ਉਨ੍ਹਾਂ ਕਿਹਾ ਕਿ ਸਰਕਾਰ ਵਚਨਬੱਧ ਹੈ ਕਿ ਮੰਡੀਆਂ ‘ਚ ਕਿਸਾਨਾਂ ਦੀ ਫਸਲ ਦੀ ਫੌਰੀ ਤੌਰ ਉਤੇ ਖਰੀਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਕੀਤੀ ਜਾਵੇਗੀ। ਜੇ ਕਿਸੇ ਕਿਸਾਨ ਭਰਾ ਨੂੰ ਕਿਤੇ ਵੀ ਖਰੀਦ ਜਾਂ ਅਦਾਇਗੀ ‘ਚ ਦਿੱਕਤ ਆ ਰਹੀ ਹੈ ਤਾਂ ਉਹ ਸਰਕਾਰ ਦੇ ਟੋਲ ਫਰੀ ਨੰਬਰ 1100 ਉਤੇ ਸੂਚਨਾ ਦੇ ਸਕਦੇ ਹਨ। ਕਿਸਾਨ ਭਰਾਵਾਂ ਵੱਲੋਂ ਦਿੱਤੀ ਸੂਚਨਾ ਉਤੇ ਫੌਰੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ‘ਚ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਕਾਸ ਗਰਗ, ਖਰੀਦ ਏਜੰਸੀਆਂ ਮਾਰਕਫੈੱਡ, ਪਨਸਪ, ਪਨਗ੍ਰੇਨ, ਵੇਅਰ ਹਾਊਸਕਾਰਪੋਰੇਸ਼ਨ ਦੇ ਐਮ.ਡੀਜ਼, ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ, ਐਫ.ਸੀ.ਆਈ. ਦੇ ਜਨਰਲ ਮੈਨੇਜਰ ਅਤੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸ ਰਾਹੀਂ ਹਾਜ਼ਰ ਹੋਏ।