ਲੁਧਿਆਣਾ ‘ਚ ਡੇਂਗੂ ਦਾ ਕਹਿਰ, ਹਸਪਤਾਲਾਂ ‘ਚ ਵਧੀ ਮਰੀਜ਼ਾਂ ਦੀ ਭੀੜ

0
691

ਲੁਧਿਆਣਾ | ਪੰਜਾਬ ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਲੁਧਿਆਣਾ ਚ ਡੇਂਗੂ ਦੇ ਮਾਮਲਿਆਂ ਚ ਇੰਨਾ ਵਾਧਾ ਹੋ ਗਿਆ ਹੈ ਕਿ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਭੀੜ ਇੰਨੀ ਜ਼ਿਆਦਾ ਵਧ ਗਈ ਹੈ ਕਿ ਹਸਪਤਾਲਾਂ ’ਚ ਮਰੀਜ਼ਾਂ ਨੂੰ ਦਾਖ਼ਲ ਹੋਣ ਲਈ ਉਡੀਕ ਕਰਨੀ ਪੈ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਦੇ ਮੁੱਖ ਹਸਪਤਾਲਾਂ ’ਚ 105 ਤੋਂ ਵੱਧ ਮਰੀਜ਼ ਸਾਹਮਣੇ ਆਏ ਪਰ ਸਿਹਤ ਵਿਭਾਗ ਨੇ ਹੁਣ ਤੱਕ 41 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ।

ਜ਼ਿਲ੍ਹੇ ਦੇ 44 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂਕਿ 20 ਸ਼ੱਕੀ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜ਼ਿਲ੍ਹੇ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 2906 ਹੋ ਗਈ ਹੈ। ਬੀਤੀ ਦੇਰ ਸ਼ਾਮ ਤੱਕ ਸਿਰਫ ਦਯਾਨੰਦ ਹਸਪਤਾਲ ’ਚ ਹੀ 60 ਤੋਂ ਵੱਧ ਮਰੀਜ਼ ਡੇਂਗੂ ਦੇ ਲੱਛਣਾਂ ਵਾਲੇ ਦਾਖ਼ਲ ਹੋਏ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ 1444 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ’ਚੋਂ 810 ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਸਥਾਨਕ ਹਸਪਤਾਲਾਂ ’ਚ ਸਵਾਈਨ ਫਲੂ ਦੇ 3 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਇਕ ਮਰੀਜ਼ ਜ਼ਿਲ੍ਹੇ ਦਾ, ਜਦੋਂਕਿ 2 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਮਾਹਿਰਾਂ ਨੇ ਸਰਦੀ ਵੱਧਣ ਦੇ ਨਾਲ ਹੀ ਸਵਾਈਨ ਫਲੂ ਦੇ ਮਰੀਜ਼ਾਂ ’ਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।