Student Protest in Canada: ਕੈਨੇਡੀਅਨ ਚੋਂ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਹੱਕ ਵਿੱਚ ਪੰਜਾਬੀ ਸਿੰਗਰ ਸ਼ੈਰੀ ਮਾਨ ਤੇ ਐਲੀ ਮਾਂਗਟ ਨੇ ਵੀ ਧਰਨਾ ਲਾਇਆ ਹੈ।
ਮਾਰਚ ਮਹੀਨੇ ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਸੀ। ਜਿਸ ਵਿੱਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ (CBSA) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ।
ਦਰਅਸਲ, ਵਿਦਿਅਕ ਅਦਾਰਿਆਂ ‘ਚ ਦਾਖ਼ਲੇ ਸਬੰਧੀ ਆਫਰ ਲੈਟਰ ਫਰਜ਼ੀ ਪਾਏ ਗਏ ਸਨ। ਹੁਣ ਇਹ ਮਾਮਲਾ ਦਿਨੋਂ-ਦਿਨ ਹੋਰ ਭੱਖਦਾ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ ਪੰਜਾਬੀ ਗਾਇਕ ਐਲੀ ਮਾਂਗਟ ਤੇ ਸ਼ੈਰੀ ਮਾਨ ਵਿਦਿਆਰਥੀਆਂ ਦੇ ਹੱਕ ‘ਚ ਅੱਗੇ ਆਏ ਹਨ।
ਕੀ ਹੈ ਪੂਰਾ ਮਾਮਲਾ ?
ਜਲੰਧਰ ਦੇ ਇਕ ਟਰੈਵਲ ਏਜੰਟ ਨੇ 2018 ਤੋਂ 2022 ਦਰਮਿਆਨ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਦਿੱਤੇ। ਜਿਸ ਕਾਰਨ ਟਰੈਵਲ ਕਾਰੋਬਾਰੀ ਨੇ ਹਰ ਇੱਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। 4 ਸਾਲਾਂ ਦੌਰਾਨ ਹੋਏ ਇਸ ਫਰਜ਼ੀਵਾੜੇ ‘ਚ ਸਾਰੇ ਵਿਦਿਆਰਥੀ ਕੈਨੇਡਾ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਟੋਰਾਂਟੋ ‘ਚ ਪੁੱਜੇ। ਜਿਸ ਤੋਂ ਬਾਅਦ ਟਰੈਵਲ ਏਜੰਟ (Travel Agent) ਨੇ ਸਾਰਿਆਂ ਨਾਲ ਸੰਪਰਕ ਕਰ ਕੇ ਸਭ ਨੂੰ ਇਕੋ ਹੀ ਗੱਲ ਕਹੀ ਕਿ ਜਿਸ ਕਾਲਜ ‘ਚ ਉਹ ਜਾ ਰਹੇ ਹਨ, ਉੱਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ ਅਤੇ ਸਭ ਨੂੰ ਅਗਲੇ ਸਮੈਸਟਰ ‘ਚ ਸੀਟਾਂ ਦਿਵਾਈਆਂ ਜਾਣਗੀਆਂ।
ਟਰੈਵਲ ਏਜੰਟ ਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਕੁੱਝ ਰਕਮ ਵੀ ਮੋੜ ਦਿੱਤੀ ਤਾਂ ਕਿ ਵਿਦਿਆਰਥੀਆਂ ਦਾ ਉਸ ‘ਤੇ ਭਰੋਸਾ ਬਣਿਆ ਰਹੇ। ਕੁੱਝ ਸਮੇਂ ਬਾਅਦ ਟਰੈਵਲ ਕਾਰੋਬਾਰੀ ਨੇ ਉੱਥੇ ਪੁੱਜੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਚ ਦਾਖ਼ਲਾ ਲੈਣ ਦੀ ਗੱਲ ਕਹੀ। ਫਿਰ ਵਿਦਿਆਰਥੀਆਂ ਨੇ ਹੋਰ ਕਾਲਜਾਂ ਚ 2 ਸਾਲਾਂ ਦਾ ਡਿਪਲੋਮਾ ਕੋਰਸ ਕਰਨ ਦਾ ਦਾਖ਼ਲਾ ਲਿਆ ਅਤੇ ਫਿਰ 2 ਸਾਲ ਤੱਕ ਕਾਲਜ ਚ ਪੂਰੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 1 ਸਾਲ ਵਰਕ ਪਰਮਿਟ ਦੇ ਤਹਿਤ ਉੱਥੇ ਕੰਮ ਵੀ ਕੀਤਾ।
ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਟਰੈਵਲ ਕਾਰੋਬਾਰੀ ਵੱਲੋਂ ਹੀ ਭੇਜਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਅਰਜ਼ੀ ‘ਤੇ ਟਰੈਵਲ ਕਾਰੋਬਾਰੀ ਦੇ ਹਸਤਾਖ਼ਰ ਨਹੀਂ ਹਨ, ਜਦ ਕਿ ਸਾਰੀਆਂ ਅਰਜ਼ੀਆਂ ‘ਤੇ ਵਿਦਿਆਰਥੀਆਂ ਨੇ ਹੀ ਹਸਤਾਖ਼ਰ ਕੀਤੇ ਹਨ।