ਮੋਹਾਲੀ, 24 ਫਰਵਰੀ | 21 ਫ਼ਰਵਰੀ ਨੂੰ ਹਰ ਸਾਲ ਪੂਰੀ ਦੁਨੀਆ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਅੱਜ ਮਾਂ ਬੋਲੀ ਦਿਹਾੜੇ ਦੌਰਾਨ ਦੀਪਕ ਬਾਲੀ ਨੇ ਪੰਜਾਬ ’ਚ ‘ਪੰਜਾਬੀ ਪ੍ਰਚਾਰ ਯਾਤਰਾ’ ਕੱਢੀ। ਇਹ ਯਾਤਰਾ ਅੱਜ ਸਵੇਰੇ 10.30 ਵਜੇ ਫ਼ਗਵਾੜੇ ਦੇ ਮੇਹਲੀ ਪਿੰਡ ਤੋਂ ਸ਼ੁਰੂ ਹੋਈ। ਮੇਹਲੀ ਤੋਂ ਸ਼ੁਰੂ ਹੋ ਕੇ ਇਹ ਬੰਗਾ, ਨਵਾਂਸ਼ਹਿਰ, ਬਲਾਚੌਰ, ਰੋਪੜ, ਖਰੜ ਤੋਂ ਹੁੰਦੀ ਹੋਈ ਮੋਹਾਲੀ ਪਹੁੰਚੀ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਇਕ ਵਿਅਕਤੀ ਨੇ ਮਾਤਰ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ 150 ਕਿਲੋਮੀਟਰ ਲੰਬੀ ਤੇ ਇੰਨੇ ਵੱਡੇ ਕਾਫ਼ਲੇ ਵਾਲੀ ਯਾਤਰਾ ਕੱਢੀ ਹੋਵੇ। ਇਸ ਯਾਤਰਾ ਵਿਚ ਸੈਂਕੜੇ ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਹਿੱਸਾ ਲਿਆ।
ਇਹ ਯਾਤਰਾ ਪੂਰਨ ਤੌਰ ਉਤੇ ਪੰਜਾਬੀਆਂ ਅੰਦਰ ਸਦਭਾਵਨਾ ਤੇ ਪਿਆਰ ਪੈਦਾ ਕਰਨ ਤੇ ਇਸ ਦਾ ਸੁਨੇਹਾ ਦੇਣ ਵਿਚ ਕਾਮਯਾਬ ਰਹੀ ਹੈ। ਇਸ ਦੌਰਾਨ ਇਹ ਪ੍ਰਚਾਰਿਆ ਗਿਆ ਕਿ ਮਨੁੱਖ ਨੂੰ ਦੁਨੀਆ ਵਿਚ ਕੋਈ ਵੀ ਬੋਲੀ ਜਾਂ ਉੱਪ-ਬੋਲੀ ਸਿੱਖ ਲੈਣੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਪੰਜਾਬੀ ਮਾਂ ਬੋਲੀ ਨੂੰ ਦੁਨੀਆ ਪੱਧਰ ’ਤੇ ਪਹੁੰਚਾਉਣ ਵਿਚ ਪੰਜਾਬ ਦੇ ਬਹੁਤ ਸਾਰੇ ਨਾਇਕਾਂ ਦਾ ਅਹਿਮ ਕਿਰਦਾਰ ਰਿਹਾ ਹੈ। ਪੰਜਾਬੀ ਗਾਇਕਾਂ ਦਾ ਇਸ ਪ੍ਰਚਾਰ ਵਿਚ ਅਹਿਮ ਯੋਗਦਾਨ ਰਿਹਾ ਹੈ।
ਦੀਪਕ ਬਾਲੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹੋਣ ਦੇ ਨਾਲ-ਨਾਲ ਪ੍ਰਸਿੱਧ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਨ। ਹਰ ਸਾਲ ਉਹ ਇਹ ਮਾਰਚ ਕੱਢਦੇ ਹਨ। ਇਸ ਸਾਲ ਉਨ੍ਹਾਂ ਨੇ ਅੱਧੇ ਪੰਜਾਬ ਵਿਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਜੋ ਕਿ ਬਹੁਤ ਹੀ ਸਫ਼ਲ ਰਿਹਾ। ਇਹ ਲਗਭਗ 4-5 ਕਿਲੋਮੀਟਰ ਲੰਬਾ ਮਾਰਚ ਸੀ, ਜਿਸ ’ਚ 200 ਤੋਂ 250 ਲੋਕ ਸ਼ਾਮਲ ਸਨ।
ਉਨ੍ਹਾਂ ਨੇ ਆਪਣੀ ਗੱਡੀ ’ਚ ਪੰਜਾਬੀ ਗੀਤ ਲਗਾ ਕੇ ਮਾਰਚ ਕੱਢਿਆ। ਵੱਖ-ਵੱਖ ਇਲਾਕਿਆਂ ਦੇ ਵਿਧਾਇਕਾਂ, ਮੋਹਤਬਰ ਸੱਜਣਾਂ ਤੇ ਲੋਕਾਂ ਨੇ ਇਨ੍ਹਾਂ ਦਾ ਦਿਲੋਂ ਸਵਾਗਤ ਕੀਤਾ। ਦੀਪਕ ਬਾਲੀ ਨੇ ਕਿਹਾ, “ਮਾਂ ਬੋਲੀ ਸਾਨੂੰ ਸਭ ਨੂੰ ਵਿਰਾਸਤ ਨਾਲ ਜੋੜਦੀ ਹੈ। ਸਾਡੀ ਜ਼ਿੰਦਗੀ ਵਿਚ ਮਾਂ ਬੋਲੀ ਦੀ ਬਹੁਤ ਅਹਿਮੀਅਤ ਹੈ। ਇਹ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਹੈ ਫਿਰ ਚਾਹੇ ਉਹ ਸਾਡੀਆਂ ਅਸੀਸਾਂ, ਲੋਰੀਆਂ ਜਾਂ ਗੀਤ ਹੋਣ। ਸਾਡੇ ਮਾਪੇ ਹੀ ਸਾਨੂੰ ਸਾਡੀ ਮਾਂ ਬੋਲੀ ਨਾਲ਼ ਜੋੜਦੇ ਹਨ। ਪੰਜਾਬੀ ਮਾਂ ਬੋਲੀ ਪੰਜਾਬੀਆਂ ਦੀ ਆਪਸੀ ਸਾਂਝ ਦਾ ਪ੍ਰਤੀਕ ਹੈ। ਇਹ ਅਜਿਹੀ ਬੋਲੀ ਹੈ ਜੋ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੂੰ ਆਪਸ ਵਿਚ ਜੋੜ ਕੇ ਰੱਖਦੀ ਹੈ।
ਇਸ ਸਮਾਗਮ ਦੀ ਸਮਾਪਤੀ ਮੋਹਾਲੀ ਦੇ 3B2 ਫੇਜ਼ ਦੀ ਮਾਰਕੀਟ ਵਿਚ ਹੋਈ। ਇਥੇ ਦੀਪਕ ਬਾਲੀ ਬਹੁਤ ਭਰਮੇ ਇਕੱਠ ਵਿਚ ਪਹੁੰਚੇ। ਇਸ ਮਾਰਚ ਵਿਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਬੰਟੀ ਬੈਂਸ, ਸਪੀਡ ਰਿਕਾਰਡ ਕੰਪਨੀ ਦੇ ਮਾਲਕ ਸਤਵਿੰਦਰ ਸਿੰਘ ਕੋਹਲੀ, ਚੌਪਾਲ ਤੇ 9X ਚੈਨਲ ਦੇ ਮਾਲਕ ਸੰਦੀਪ ਪ੍ਰਾਸਰ, ਬਲੈਕੀਆ ਫ਼ਿਲਮ ਦੇ ਪ੍ਰੋਡਿਊਸਰ ਵਿਵੇਕ ਓਹਰੀ, ਪ੍ਰਸਿੱਧ ਗਾਇਕਾ ਸੁੱਖੀ ਬਰਾੜ, ਪ੍ਰਸਿੱਧ ਗੀਤਕਾਰ ਭੱਟੀ ਭਰੀਆਵਾਲਾ, ਇਨ੍ਹਾਂ ਨੇ ਬਹੁਤ ਸ਼ਾਨਮੱਤੇ ਤਰੀਕੇ ਨਾਲ਼ ਦੀਪਕ ਜੀ ਨੂੰ ਜੀ ਆਇਆਂ ਆਖਿਆ।
ਇਸ ਦੌਰਾਨ ਪੰਜਾਬੀ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਤੇ ਦੇਵ ਖਰੌੜ ਨੇ ਇਸ ਮੰਚ ਤੋਂ ਆਪਣਾ ਵਿਦਾਇਗੀ ਸੰਦੇਸ਼ ਦਿੱਤਾ। ਕੁਲਵਿੰਦਰ ਬਿੱਲਾ ਨੇ ਆਪਣਾ ਗੀਤ “ਮੈਂ ਜਦ ਮੁੜ ਧਰਤੀ ਉਤੇ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ” ਗਾ ਕੇ ਸਰੋਤਿਆਂ ਨੂੰ ਝੂਮਣ ਲਾਇਆ। ਦੀਪਕ ਬਾਲੀ ਦੇ ਵਿਚਾਰ ਲੋਕਾਂ ਨੇ ਬੜੇ ਸਹਿਜੇ ਤਰੀਕੇ ਨਾਲ਼ ਸੁਣੇ, ਬੱਚਿਆਂ ਨੇ ਮੰਚ ’ਤੇ ਪ੍ਰਣ ਲਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਅੱਜ ਦੇ ਦਿਨ ਨੂੰ ਯਾਦ ਰੱਖਣਗੇ ਤੇ ਹਮੇਸ਼ਾ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਿਚ ਜੁੜੇ ਰਹਿਣਗੇ। ਮਾਂ ਬੋਲੀ ਪੰਜਾਬੀ ਨੂੰ ਅੱਗੇ ਬੁਲੰਦੀਆਂ ਤੱਕ ਪਹੁੰਚਾਉਣ ਦੇ ਅਹਿਦ ਨਾਲ਼ ਮੋਹਾਲੀ ਵਿਖੇ ਇਸ ਯਾਤਰਾ ਦੀ ਸਮਾਪਤੀ ਹੋਈ।