ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ : ਸਵਿੱਤਰੀ ਬਾਈ ਫੂਲੇ ਨੂੰ ਸਲਾਮ

0
3082

– ਸੁਖਦੇਵ ਸਲੇਮਪੁਰੀ

ਅੱਜ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਭਾਰਤ ਦੀ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਨੂੰ ਸਲਾਮ ਕਰਨਾ ਦੇਸ਼ ਦੀ ਹਰ ਔਰਤ ਦਾ ਫਰਜ ਅਤੇ ਧਰਮ ਬਣਦਾ ਹੈ। ਸਵਿੱਤਰੀ ਬਾਈ ਫੂਲੇ ਜਿਸਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੀ ਧਰਤੀ ‘ਤੇ ਹੋਇਆ ਸੀ। ਉਨ੍ਹਾਂ ਨੂੰ ਸਿੱਖਿਆ ਦੇਣ ਲਈ ਉਹਨਾਂ ਦੇ ਪਤੀ ਮਹਾਤਮਾ ਜੋਤੀ ਰਾਓ ਫੂਲੇ ਵਲੋਂ ਪੜਾਇਆ ਗਿਆ ਜੋ ਉਸ ਵੇਲੇ ਦੇ ਸਮਾਜਿਕ ਹਾਲਾਤਾਂ ਦੇ ਬਿਲਕੁਲ ਉਲਟ ਸੀ, ਕਿਉਂਕਿ ਦੇਸ਼ ਵਿਚ ਮਨੂੰ -ਸਿਮਰਤੀ ਵਿਧਾਨ ਪੂਰੀ ਤਰ੍ਹਾਂ ਲਾਗੂ ਹੋਣ ਕਰਕੇ ਮਨੂੰਵਾਦੀ ਵਿਚਾਰਧਾਰਾ ਦਾ ਬੇਹੱਦ ਬੋਲ-ਬਾਲਾ ਸੀ। ਔਰਤ  ਗੁਲਾਮੀ ਦੀਆਂ ਜੰਜੀਰਾਂ ਵਿਚ ਬੱਝੀ ਹੋਣ ਕਰਕੇ ਉਹ ਪੜ ਲਿਖ ਨਹੀਂ ਸਕਦੀ ਸੀ। ਸਵਿੱਤਰੀ ਬਾਈ ਨੇ ਉਸ ਵੇਲੇ ਦੇ ਹਾਲਾਤਾਂ ਨਾਲ ਟੱਕਰ ਲੈਂਦਿਆਂ ਔਰਤਾਂ ਨੂੰ ਸਿੱਖਿਅਤ ਕਰਨ ਲਈ ਔਰਤਾਂ ਵਾਸਤੇ ਆਪਣੇ ਪਤੀ ਦੇ ਸਹਿਯੋਗ ਨਾਲ 1846 ਵਿਚ ਦੇਸ਼ ਦਾ ਪਹਿਲਾ ਔਰਤ ਸਕੂਲ ਖੋਲ੍ਹ ਕੇ ਔਰਤਾਂ ਨੂੰ ਪੜਾਉਣਾ ਸ਼ੁਰੂ ਕੀਤਾ, ਅਤੇ ਦੇਸ਼ ਦੀ ਪਹਿਲੀ ਔਰਤ ਅਧਿਆਪਕਾ ਬਣਨ ਦਾ ਮਾਣ ਪ੍ਰਾਪਤ ਕੀਤਾ।

ਸਵਿੱਤਰੀ ਬਾਈ ਦੇਸ਼ ਦੀ ਇਕ ਮਹਾਨ ਸਮਾਜ ਸੁਧਾਰਿਕਾ ਔਰਤ ਹੋਣ ਦੇ ਨਾਲ ਨਾਲ ਇੱਕ ਮਹਾਨ ਲੇਖਿਕਾ ਵੀ ਸਨ, ਜਿਨ੍ਹਾਂ ਨੇ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਬਾਲ ਵਿਆਹ, ਜਾਤ-ਪਾਤ, ਊਚ ਨੀਚ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲੀਆਂ ਜੰਜੀਰਾਂ ਵਰਗੀਆਂ ਨੀਤੀਆਂ ਜੋ ਮਨੂੰ ਸਿਮਰਤੀ ਵਿਚ ਦਰਜ ਹਨ, ਦੇ ਵਿਰੁੱਧ  ਬਿਨਾਂ ਕਿਸੇ ਡਰ – ਭੈ ਅਤੇ ਆਪਣੀ ਜਾਨ ਦੀ ਪ੍ਰਵਾਹ ਕਰਦਿਆਂ ਅਵਾਜ ਉਠਾਈ। ਉਹ ਮਹਾਨ ਔਰਤ ਭਾਵੇਂ 10 ਮਾਰਚ, 1897 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੀ ਗਈ, ਪਰ ਉਸ ਦੁਆਰਾ ਕੀਤੇ ਗਏ ਲਾਸਾਨੀ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਔਰਤ ਦਿਵਸ ਮੌਕੇ ਦੇਸ਼ ਦੀ ਉਸ ਮਹਾਨ ਔਰਤ ਅੱਗੇ ਆਪਣੇ ਆਪ ਸਿਰ ਝੁਕ ਜਾਂਦਾ ਹੈ!


– 09780620233