ਕਪੂਰਥਾਲਾ| ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਤੋਂ ਵਿਦੇਸ਼ ਜਾ ਕੇ ਜ਼ਿੰਦਗੀ ਦੀ ਗੱਡੀ ਚਲਾਉਣ ਦੇ ਮਕਸਦ ਨਾਲ ਕੈਲੀਫੋਰਨੀਆ, ਅਮਰੀਕਾ ਗਏ 30 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਜੋ ਕਿ 4-5 ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਉਥੇ ਡਰਾਈਵਰੀ ਦਾ ਕੰਮ ਕਰਦਾ ਸੀ ਪਰ ਬੀਤੇ ਦਿਨ ਉਹ ਜਿਹੜੀ ਟਰਾਲੀ ਚਲਾ ਰਿਹਾ ਸੀ, ਉਸ ਦਾ ਟਾਇਰ ਫਟਣ ਕਾਰਨ ਹਾਦਸੇ ਵਿਚ ਉਸ ਦੀ ਮੌਤ ਹੋ ਗਈ, ਜਿਸ ਕਾਰਨ ਸਮੁੱਚੀ ਸੁਲਤਾਨਪੁਰ ਲੋਧੀ ਅਤੇ ਪਿੰਡ ਮੇਵਾ ਸਿੰਘ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦੇ ਮੈਂਬਰ ਡੂੰਘੇ ਸਦਮੇ ‘ਚ ਹਨ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਅਤੇ ਉਸਦੀ ਉਮਰ ਲਗਭਗ 30 ਸਾਲ ਸੀ। ਉਸਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅੰਮ੍ਰਿਤਪਾਲ ਸਿੰਘ 4-5 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਹੁਣ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਛੇਤੀ ਹੀ ਅਮਰੀਕਾ ਦੀ PR ਮਿਲਣ ਜਾ ਰਹੀ ਸੀ, ਜਿਸ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਸੀ ਪਰ ਭੋਗ ਤੋਂ ਪਹਿਲਾਂ ਮਿਲੀ ਪੁੱਤ ਦੀ ਮੌੇਤ ਦੀ ਖਬਰ ਮਿਲ ਗਈ।