ਲੁਧਿਆਣਾ, 30 ਸਤੰਬਰ | ਜ਼ਿਲੇ ਦੇ ਖੰਨਾ ‘ਚ ਗੜ੍ਹੀ ਨਹਿਰ ਦੇ ਪੁਲ ‘ਤੇ ਇਕ ਸਕੂਲ ਮਾਲਕ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਫਾਰਚੂਨਰ ਕਾਰ ‘ਚ ਸਫਰ ਕਰ ਰਹੇ ਸਕੂਲ ਮਾਲਕ ਦੀ ਗਰਦਨ ‘ਤੇ ਗੋਲੀ ਲੱਗੀ ਹੈ। ਗੋਲੀਬਾਰੀ ਤੋਂ ਬਾਅਦ ਆਈ-20 ਕਾਰ ‘ਚ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖਮੀ ਬਲਦੇਵ ਸਿੰਘ ਵਾਸੀ ਚੰਡੀਗੜ੍ਹ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਉਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਬਲਦੇਵ ਸਿੰਘ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਆ ਰਿਹਾ ਸੀ।
ਬਲਦੇਵ ਸਿੰਘ ਦਾ ਸਮਰਾਲਾ ਵਿਚ ਇੱਕ ਨਾਮਵਰ ਪ੍ਰਾਈਵੇਟ ਸਕੂਲ ਹੈ। ਉਹ ਆਪਣੀ ਫਾਰਚੂਨਰ ਕਾਰ ਵਿਚ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਆ ਰਿਹਾ ਸੀ। ਗੜ੍ਹੀ ਨਹਿਰ ਦੇ ਪੁਲ ‘ਤੇ ਪਿੱਛੇ ਤੋਂ ਆ ਰਹੀ ਆਈ-20 ਕਾਰ ਤੋਂ ਗੋਲੀਬਾਰੀ ਹੋਈ। ਫਾਰਚੂਨਰ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਬਲਦੇਵ ਸਿੰਘ ਦੇ ਮੋਬਾਈਲ ਫ਼ੋਨ ‘ਚ ਗੋਲੀ ਲੱਗਣ ਨਾਲ ਉਸ ਦੀ ਗਰਦਨ ‘ਚ ਸੱਟ ਲੱਗ ਗਈ | ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਪੀ (ਆਈ) ਸੌਰਵ ਜਿੰਦਲ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਮਾਛੀਵਾੜਾ ਸਾਹਿਬ, ਸਮਰਾਲਾ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਨੇ ਦੱਸਿਆ ਕਿ ਜ਼ਖਮੀ ਬਲਦੇਵ ਸਿੰਘ ਦੇ ਬਿਆਨ ਦਰਜ ਕਰ ਕੇ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ।