ਰਾਜਸਥਾਨ| ਕੋਟਾ ਦੇ ਬੋਰਖੇੜਾ ਥਾਣਾ ਖੇਤਰ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਰਹਿੰਦੇ ਮਾਂ-ਪੁੱਤ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਬਹੁਮੰਜ਼ਿਲਾ ਇਮਾਰਤ ਹੋਣ ਦੇ ਬਾਵਜੂਦ 24 ਘੰਟੇ ਤੱਕ ਕਿਸੇ ਨੂੰ ਘਟਨਾ ਬਾਰੇ ਪਤਾ ਨਹੀਂ ਲੱਗਾ।
ਜਦੋਂ ਮਾਂ-ਪੁੱਤ ਨੇ ਫੋਨ ਨਾ ਚੁੱਕਿਆ ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਫਲੈਟ ਦਾ ਦਰਵਾਜ਼ਾ ਤੋੜਿਆ ਤਾਂ ਘਟਨਾ ਦਾ ਪਤਾ ਲੱਗਾ। ਪੁਲਿਸ ਜਾਂਚ ਵਿਚ ਮੁਢਲੇ ਤੌਰ ’ਤੇ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ।
ਬੋਰਖੇੜਾ ਥਾਣੇ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਇਲਾਕੇ ਦੀ 80 ਫੁੱਟ ਰੋਡ ‘ਤੇ ਸਥਿਤ ਬਹੁਮੰਜ਼ਿਲਾ ਇਮਾਰਤ ‘ਚ ਵਾਪਰੀ। ਸਤਵਿੰਦਰ ਕੌਰ (59) ਆਪਣੇ ਬੇਟੇ ਰੌਬਿਨ (29) ਨਾਲ ਇਥੇ ਰਹਿੰਦੀ ਸੀ। ਸ਼ਨੀਵਾਰ ਨੂੰ ਦੋਹਾਂ ਦੀਆਂ ਲਾਸ਼ਾਂ ਫਲੈਟ ‘ਚ ਪਈਆਂ ਮਿਲੀਆਂ।
ਦੋਵਾਂ ਲਾਸ਼ਾਂ ਦੇ ਨੇੜੇ ਇੱਕ ਗਿਲਾਸ ਵੀ ਮਿਲਿਆ ਹੈ। ਇਸ ਵਿੱਚ ਜ਼ਹਿਰੀਲੇ ਪਦਾਰਥ ਦੇ ਕੁਝ ਨਿਸ਼ਾਨ ਮਿਲੇ ਹਨ। ਪੁਲਿਸ ਨੇ ਮੌਕੇ ਤੋਂ ਇੱਕ ਕਿਤਾਬ ਵੀ ਬਰਾਮਦ ਕੀਤੀ ਹੈ। ਇਸ ਵਿੱਚ ਰੌਬਿਨ ਨੇ ਆਪਣੇ ਨਾਲ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਦਾ ਜ਼ਿਕਰ ਕੀਤਾ ਹੈ।
ਲਾਸ਼ਾਂ ਮਿਲਣ ਤੋਂ ਕਰੀਬ 24 ਘੰਟੇ ਪਹਿਲਾਂ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਸੀ ਪਰ ਮਾਂ-ਪੁੱਤ ਦੇ ਮੋਬਾਈਲ ਫੋਨ ਨਹੀਂ ਚੁੱਕਿਆ ਸੀ। ਉਨ੍ਹਾਂ ਨੇ ਇਮਾਰਤ ਵਿੱਚ ਰਹਿੰਦੇ ਗੁਆਂਢੀਆਂ ਨੂੰ ਬੁਲਾ ਕੇ ਇਸ ਬਾਰੇ ਪੁੱਛਿਆ।
ਬਾਅਦ ਵਿਚ ਜਦੋਂ ਇਮਾਰਤ ਵਿਚ ਰਹਿੰਦੇ ਲੋਕਾਂ ਨੇ ਉਸ ਦੇ ਫਲੈਟ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਬਾਅਦ ‘ਚ ਪਰਿਵਾਰ ਪੁਲਿਸ ਨਾਲ ਫਲੈਟ ‘ਤੇ ਪਹੁੰਚਿਆ, ਜਦੋਂ ਉਨ੍ਹਾਂ ਫਲੈਟ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ।
ਸਤਵਿੰਦਰ ਕੌਰ ਦੇ ਪਤੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਾਂ-ਪੁੱਤ ਆਰਥਿਕ ਤੰਗੀ ‘ਚੋਂ ਲੰਘ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਉਹ ਕਰਜ਼ਾਈ ਸਨ। ਸ਼ਾਇਦ ਆਰਥਿਕ ਤੰਗੀ ਕਾਰਨ ਦੋਵਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ
ਫਿਲਹਾਲ ਥਾਣਾ ਬੋਰਖੇੜਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।