ਡੀਸੀ ਵਲੋਂ ਕੋਰੋਨਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਆਦੇਸ਼

0
550
  • ਸਾਰੇ 350 ਬੈਡਾਂ ਤੱਕ 100 ਪ੍ਰਤੀਸ਼ਤ ਆਕਸੀਜਨ ਪਾਈਪ ਨੂੰ ਯਕੀਨੀ ਬਣਾਇਆ ਜਾਵੇ

ਜਲੰਧਰ. ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਸਥਾਨਿਕ ਸਿਵਲ ਹਸਪਤਾਲ ਵਿਖੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਵਧਾਉਂਦਿਆਂ ਸਾਰੇ 350 ਬੈਡਾਂ ਤੱਕ ਆਕਸੀਜ਼ਨ ਪਾਈਪ ਨੂੰ ਯਕੀਨੀ ਬਣਾਇਆ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਵਿਖੇ 100 ਪ੍ਰਤੀਸ਼ਤ ਆਕਸੀਜਨ ਪਾਈਪ ਮੁਹੱਈਆ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਥੋਰੀ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਇਸ ਕੰਮ ਨੂੰ ਮੁਕੰਮਲ ਕਰਨ ਲਈ ਜਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਅਣਕਿਆਸੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਲੁਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਲੋਕਾਂ ਨੂੰ ਮਿਆਰੀ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਡੀਸੀ ਨੇ ਕਿਹਾ ਕਿ ਸੂਬਾ ਸਰਕਾਰ ਪਾਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਫੰਡਾਂ ਅਤੇ ਮਨੁੱਖੀ ਸਰੋਤਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵੱਲ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਸਾਨੂੰ ਸਭ ਨੂੰ ਇਸ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਕੋਵਿਡ-19 ਦਾ ਬਿਹਤਰ ਆਪਸੀ ਤਾਲਮੇਲ ਨਾਲ ਠੱਟ ਕੇ ਮੁਕਾਬਲਾ ਕੀਤਾ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਅਰੁਣ ਸੈਣੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਵਿਨੀਤ ਕੁਮਾਰ ਅਤੇ ਡਾ.ਜੈ ਇੰਦਰ ਸਿੰਘ, ਸਕੱਤਰ ਆਰ.ਟੀ.ਏ. ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਹਰਿੰਦਰ ਸਿੰਘ, ਐਸ.ਐਮ.ਓ.ਡਾ.ਜਗਦੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।