ਲੁਧਿਆਣਾ ਦੇ ਡੀ.ਸੀ. ਦਫਤਰ ਸਾਹਮਣੇ ਬਣੇ ATM ‘ਚ ਔਰਤ ਫਸੀ, ਸਫਾਈ ਕਰਨ ਗਈ ਸੀ ਅੰਦਰ

0
342

ਲੁਧਿਆਣਾ | ਜ਼ਿਲੇ ‘ਚ ਅੱਜ ਡੀ.ਸੀ. ਦਫ਼ਤਰ ਦੇ ਸਾਹਮਣੇ ਏਟੀਐਮ ਸਾਫ਼ ਕਰਨ ਗਈ ਇੱਕ ਔਰਤ ਅਚਾਨਕ ਅੰਦਰ ਫੱਸ ਗਈ। ਔਰਤ ਸਫਾਈ ਕਰ ਰਹੀ ਸੀ ਜਦੋਂ ਸ਼ਟਰ ਆਪਣੇ ਆਪ ਡਿੱਗ ਗਿਆ। ਔਰਤ ਕਰੀਬ 2 ਘੰਟੇ ਤੱਕ ਏਟੀਐਮ ‘ਚ ਫਸੀ ਰਹੀ। ਉਸ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਬਾਹਰੋਂ ਕਿਸੇ ਨੂੰ ਕੁਝ ਪਤਾ ਨਾ ਲੱਗਾ। ਅਖੀਰ ਜਦੋਂ ਔਰਤ ਨੇ ਜ਼ੋਰ-ਜ਼ੋਰ ਨਾਲ ਸ਼ਟਰ ਨੂੰ ਕੁੱਟਣਾ ਸ਼ੁਰੂ ਕੀਤਾ ਤਾਂ ਬਾਹਰ ਨਿਕਲਦੇ ਸਮੇਂ ਲੋਕਾਂ ਨੂੰ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ।

ਲੋਕਾਂ ਨੇ ਇਸ ਘਟਨਾ ਦੀ ਸੂਚਨਾ ਐੱਸਬੀਆਈ ਬੈਂਕ ਅਧਿਕਾਰੀਆਂ ਨੂੰ ਦਿੱਤੀ। ਲੋਕ ਬਾਹਰੋਂ ਔਰਤ ਨਾਲ ਗੱਲ ਕਰਦੇ ਰਹੇ ਤਾਂ ਕਿ ਉਹ ਘਬਰਾ ਨਾ ਜਾਵੇ। ਬੈਂਕ ਮੁਲਾਜ਼ਮਾਂ ਨੇ ਸ਼ਟਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ਟਰ ਫੱਸ ਗਿਆ। ਇਸ ਦੌਰਾਨ ਸ਼ਟਰ ਖੋਲ੍ਹਣ ਵਾਲੇ ਕਾਰੀਗਰ ਨੂੰ ਬੁਲਾਇਆ ਗਿਆ ਪਰ ਅਖੀਰ ਸ਼ਟਰ ਕੱਟਣਾ ਪਿਆ।

ਸਫਾਈ ਕਰਨ ਵਾਲੀ ਔਰਤ ਨੂੰ ਸ਼ਟਰ ਤੋੜ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਔਰਤ ਬਹੁਤ ਪਰੇਸ਼ਾਨ ਸੀ। ਔਰਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਘੱਟੋ-ਘੱਟ ਏਟੀਐਮ ਦਾ ਸ਼ਟਰ ਠੀਕ ਕਰਵਾਇਆ ਜਾਵੇ। ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।

ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਲੰਬੇ ਸਮੇਂ ਤੋਂ ਮਹਾਨਗਰ ਦੇ ਏ.ਟੀ.ਐਮਜ਼ ਦੀ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਖੁਸ਼ਕਿਸਮਤੀ ਨਾਲ ਦਿਨ ਦਾ ਸਮਾਂ ਸੀ ਕਿ ਔਰਤ ਏਟੀਐਮ ‘ਚ ਕੈਦ ਹੋ ਗਈ, ਜੇਕਰ ਰਾਤ ਦਾ ਸਮਾਂ ਹੁੰਦਾ ਤਾਂ ਉਸ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਜਾਣਾ ਸੀ ਕਿਉਂਕਿ ਡੀਸੀ ਦਫ਼ਤਰ ਦਾ ਸਾਰਾ ਸਟਾਫ਼ ਅਤੇ ਅਧਿਕਾਰੀ ਰਾਤ ਨੂੰ ਡਿਊਟੀ ਤੋਂ ਚਲੇ ਗਏ ਹੁੰਦੇ।