ਬਠਿੰਡਾ ‘ਚ ਦਿਨ-ਦਿਹਾੜੇ ਹੋਈ ਫਾਇਰਿੰਗ ਨਾਲ ਇਕ ਨੌਜਵਾਨ ਦੀ ਮੌਤ, ਦੂਜੇ ਦੇ ਹੱਥ-ਪੈਰ ਤੋੜੇ, ਕਾਰ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

0
1025

ਬਠਿੰਡਾ | ਸ਼ਹਿਰ ਦੇ ਅਜੀਤ ਰੋਡ ਗਲੀ ਨੰਬਰ-6 ’ਚ ਕਾਰ ‘ਚ ਆਏ ਲੋਕਾਂ ਨੇ 2 ਨੌਜਵਾਨਾਂ ‘ਤੇ ਹਮਲਾ ਕਰਕੇ ਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਇਕ ਦੇ ਹੱਥ-ਪੈਰ ਤੋੜ ਦਿੱਤੇ।

ਫਾਇਰੰਗ ਦੌਰਾਨ ਇਕ ਹੋਰ ਨੌਜਵਾਨ ਦੇ ਪੈਰ ‘ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਫਾਇਰਿੰਗ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ।

ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਪਿੰਡ ਮਹਿਮਾ ਭਗਵਾਨਾ ਦੇ 29 ਸਾਲਾ ਹਸਨਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਗੰਭੀਰ ਰੂਪ ‘ਚ ਜ਼ਖਮੀ ਪਿੰਡ ਜੰਡਵਾਲਾ ਦੇ ਬੂਟਾ ਸਿੰਘ ਨੂੰ ਨਿੱਜੀ ਹਪਸਤਾਲ ਰੈਫਰ ਕੀਤਾ ਗਿਆ ਤੇ ਪਿੰਡ ਪੱਕਾ ਕਲਾਂ ਦੇ ਜਸਕਰਨ ਸਿੰਘ ਦਾ ਇਲਾਜ ਵੀ ਚੱਲ ਰਿਹਾ ਹੈ।

ਘਟਨਾ ਤੋਂ ਬਾਅਦ ਐੱਸਪੀਐੱਚ ਸੁਰਿੰਦਰਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹਮਲਾਵਰ ਜਲਦ ਫੜ ਲਏ ਜਾਣਗੇ। ਪੂਰੀ ਘਟਨਾ CCTV ‘ਚ ਕੈਦ ਹੋ ਗਈ ਹੈ।

ਆਰੋਪੀਆਂ ਦੀ ਪਛਾਣ ਬਲਜਿੰਦਰ ਬਿੱਲਾ, ਸਤਨਾਮ, ਸੁਰਿੰਦਰ ਕਾਲੀ ਤੇ ਸੁਖਦੇਵ ਜੱਸਾ ਵਜੋਂ ਹੋਈ। ਉਥੇ ਸ਼ਹਿਰ ‘ਚ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ ਪਰ ਅਜੇ ਤੱਕ ਆਰੋਪੀ ਹੱਥ ਨਹੀਂ ਲੱਗੇ।