ਅੰਮ੍ਰਿਤਸਰ ਦੇ ਮੇਹਤਾ ਚੌਕ ‘ਚ 80 ਸਾਲਾ ਬਜ਼ੁਰਗ ਔਰਤ ਨਾਲ ਦਿਨ-ਦਿਹਾੜੇ ਲੁੱਟ, ਟੌਫੀਆਂ ਖਰੀਦਣ ਦੇ ਬਹਾਨੇ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਏ ਲੁਟੇਰੇ

0
12

ਮੇਹਤਾ / ਅੰਮ੍ਰਿਤਸਰ | ਅੰਮ੍ਰਿਤਸਰ ਦੇ ਮੇਹਤਾ ਚੌਕ ਇਲਾਕੇ ਵਿੱਚ ਸ਼ੁੱਕਰਵਾਰ, 30 ਅਕਤੂਬਰ ਨੂੰ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ 80 ਸਾਲਾ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਲੁਟੇਰੇ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਮੁਲਜ਼ਮ ਟੌਫੀਆਂ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਨੂੰ ਦੁਕਾਨ ਵਿੱਚੋਂ ਘਸੀਟ ਕੇ ਪੌੜੀਆਂ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ, ਪੀੜਤ ਔਰਤ ਦੀ ਪਛਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਉਹ ਆਪਣੇ ਘਰ ਦੇ ਹੇਠਾਂ ਬਣੀ ਛੋਟੀ ਕਰਿਆਨੇ ਦੀ ਦੁਕਾਨ ‘ਤੇ ਬੈਠੀ ਸੀ। ਸ਼ਾਮ ਕਰੀਬ 5 ਤੋਂ 5:15 ਵਜੇ ਦੇ ਵਿਚਕਾਰ ਇੱਕ ਨੌਜਵਾਨ ਦੁਕਾਨ ‘ਤੇ ਆਇਆ ਅਤੇ ਪਹਿਲਾਂ ਕਿਸੇ ਦਾ ਘਰ ਪੁੱਛਣ ਲੱਗਾ। ਇਸ ਤੋਂ ਬਾਅਦ ਉਸ ਨੇ 10 ਰੁਪਏ ਦੇ ਕੇ ਟੌਫੀਆਂ ਖਰੀਦੀਆਂ ਅਤੇ ਫਿਰ ਦੁਕਾਨ ਅੰਦਰ ਆ ਕੇ ਗੇਂਦ ਦੀ ਕੀਮਤ ਪੁੱਛਣ ਲੱਗਾ।

ਸੁਰਿੰਦਰ ਕੌਰ ਮੁਤਾਬਕ, ਜਦੋਂ ਉਸ ਨੇ ਨੌਜਵਾਨ ਨੂੰ ਦੁਕਾਨ ਤੋਂ ਜਾਣ ਲਈ ਕਿਹਾ ਤਾਂ ਉਸ ਨੇ 100 ਰੁਪਏ ਦਾ ਨੋਟ ਅੱਗੇ ਕੀਤਾ ਅਤੇ ਅਚਾਨਕ ਉਸ ਦੇ ਕੰਨਾਂ ਅਤੇ ਗਲੇ ਵੱਲ ਝਪਟਾ ਮਾਰ ਦਿੱਤਾ। ਮੁਲਜ਼ਮ ਨੇ ਜ਼ਬਰਦਸਤੀ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਉਸ ਨੂੰ ਘਸੀਟ ਕੇ ਦੁਕਾਨ ਤੋਂ ਬਾਹਰ ਪੌੜੀਆਂ ‘ਤੇ ਸੁੱਟ ਦਿੱਤਾ।

ਪੀੜਤਾ ਦੇ ਪਤੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਦੁਕਾਨ ਦੇ ਬਿਲਕੁਲ ਉੱਪਰ ਹੈ। ਜਦੋਂ ਉਨ੍ਹਾਂ ਨੇ ਹੇਠਾਂ ਤੋਂ ਪਤਨੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਸੁਰਿੰਦਰ ਕੌਰ ਪੌੜੀਆਂ ਕੋਲ ਜ਼ਮੀਨ ‘ਤੇ ਡਿੱਗੀ ਹੋਈ ਸੀ। ਉਨ੍ਹਾਂ ਨੇ ਤੁਰੰਤ ਆਪਣੀ ਪਤਨੀ ਨੂੰ ਸੰਭਾਲਿਆ ਅਤੇ ਪਾਣੀ ਪਿਲਾਇਆ।

ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ। ਇੱਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਸੀ, ਜਦਕਿ ਉਸ ਦਾ ਦੂਜਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਵਾਰਦਾਤ ਤੋਂ ਬਾਅਦ ਦੋਵੇਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।

ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜਤਾਇਆ ਰੋਸ

ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰ ਬਲਜਿੰਦਰ ਸਿੰਘ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਥਾਣਾ ਘਟਨਾ ਵਾਲੀ ਥਾਂ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਹੈ ਤਾਂ ਵੀ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀਆਂ, ਗੋਲੀਬਾਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਗਸ਼ਤ ਵਧਾਉਣ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ।

ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਭਾਲ ਜਾਰੀ

ਮਾਮਲੇ ਸਬੰਧੀ ਥਾਣਾ ਮੇਹਤਾ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।