ਚੰਡੀਗੜ੍ਹ | ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਪੁਲਸ ਨੇ ਜ਼ੀਰਕਪੁਰ ਦੇ ਬਲਟਾਣਾ ‘ਚ ਮੁਕਾਬਲੇ ਤੋਂ ਬਾਅਦ ਭੂਪੀ ਰਾਣਾ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਹਾਲੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰਾਂ ਨੂੰ ਫੜਿਆ ਹੈ। ਐਤਵਾਰ ਰਾਤ ਕਰੀਬ 9 ਵਜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਕਰਾਸ ਫਾਇਰਿੰਗ ਹੋਈ।
ਪੁਲਿਸ ਨੂੰ ਬਲਟਾਣਾ ਦੇ ਇੱਕ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਦੀ ਸੂਚਨਾ ਮਿਲੀ ਸੀ, ਜਦੋਂ ਪੁਲਿਸ ਫਿਰੌਤੀ ਲੈਣ ਆਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅੱਗੇ ਵਧੀ ਤਾਂ ਸਾਹਮਣੇ ਤੋਂ ਫਾਇਰਿੰਗ ਹੋ ਗਈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।
ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਨੇ 3 ਗੈਂਗਸਟਰਾਂ ਨੂੰ ਕਾਬੂ ਕੀਤਾ। ਆਪ੍ਰੇਸ਼ਨ ਸੈੱਲ ਦੇ ਕਮਾਂਡੋ, ਐਂਬੂਲੈਂਸ ਆਦਿ ਵੀ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਵੀ ਜ਼ਖਮੀ ਹੋਇਆ ਹੈ।
ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭੂਪੀ ਰਾਣਾ ਗਿਰੋਹ ਦੇ ਅੰਕਿਤ ਰਾਣਾ ਨੇ ਬਲਟਾਣਾ ਵਿੱਚ ਹੋਟਲ ਮਾਲਕ ਤੋਂ ਲੱਖਾਂ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਹੋਟਲ ਮਾਲਕ ਨੇ 11 ਜੁਲਾਈ ਨੂੰ ਜ਼ੀਰਕਪੁਰ ਥਾਣੇ ‘ਚ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਗੈਂਗਸਟਰਾਂ ਨੂੰ ਫੜਨ ਲਈ ਜਾਲ ਵਿਛਾਇਆ ਅਤੇ ਹੋਟਲ ਮਾਲਕ ਨੂੰ ਫਿਰੌਤੀ ਲਈ ਗੈਂਗਸਟਰਾਂ ਨੂੰ ਫੜਨ ਲਈ ਕਿਹਾ।







































