ਜਲੰਧਰ, 11 ਅਕਤੂਬਰ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਲੰਧਰ ‘ਚ ਜਾਅਲੀ ਡਿਗਰੀ ਵਾਲੇ ਗਿਰੋਹ ਨੂੰ ਫੜਨ ਵਾਲੇ ਪੁਲਿਸ ਥਾਣਾ ਇੰਚਾਰਜ ਅਤੇ ਚੌਕੀ ਇੰਚਾਰਜ ਨੂੰ ਲਾਈਨ ‘ਚ ਲਗਾ ਦਿੱਤਾ ਹੈ। ਇਹ ਕਾਰਵਾਈ ਮਾਮਲੇ ‘ਚ ਲਾਪ੍ਰਵਾਹੀ ਤੇ ਦੋਸ਼ੀਆਂ ਖਿਲਾਫ ਸਖਤ ਰਵੱਈਆ ਨਾ ਦਿਖਾਉਣ ‘ਤੇ ਕੀਤੀ ਗਈ ਹੈ। ਥਾਣਾ ਸਦਰ ਅਤੇ ਚੌਕੀ ਜਲੰਧਰ ਹਾਈਟਸ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਲੰਧਰ ਹਾਈਟਸ ਚੌਕੀ ਦੇ ਇੰਚਾਰਜ ਵੱਲੋਂ ਇੱਕ ਵੱਡੇ ਫਰਜ਼ੀ ਡਿਗਰੀ ਵਾਲੇ ਗਿਰੋਹ ਨੂੰ ਫੜਿਆ ਗਿਆ ਸੀ। ਜਲੰਧਰ ਹਾਈਟਸ ਚੌਕੀ ਥਾਣਾ ਸਦਰ ਅਧੀਨ ਆਉਂਦਾ ਹੈ। ਜਦੋਂ ਸੀਪੀ ਸ਼ਰਮਾ ਨੂੰ ਪਤਾ ਲੱਗਾ ਕਿ ਉਕਤ ਮਾਮਲੇ ਵਿਚ ਲਾਪ੍ਰਵਾਹੀ ਵਰਤੀ ਗਈ ਹੈ ਤਾਂ ਉਨ੍ਹਾਂ ਤੁਰੰਤ ਦੋਵਾਂ ਅਧਿਕਾਰੀਆਂ ਨੂੰ ਲਾਈਨ ਵਿਚ ਹਜ਼ਾਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਦਿਨ ਪਹਿਲਾਂ ਕਾਰਵਾਈ ਕਰਦਿਆਂ ਬੱਸ ਸਟੈਂਡ ਨੇੜੇ ਸਥਿਤ ਇੱਕ ਸ਼ੈੱਡ ਵਿੱਚੋਂ ਫਰਜ਼ੀ ਡਿਗਰੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿਚ ਸਦਰ ਥਾਣਾ ਇੰਚਾਰਜ ਅਤੇ ਜਲੰਧਰ ਹਾਈ ਚੌਕੀ ਦੇ ਇੰਚਾਰਜ ’ਤੇ ਮੁਲਜ਼ਮਾਂ ‘ਤੇ ਮਿਹਰਬਾਨੀ ਦਿਖਾਉਣ ਦਾ ਦੋਸ਼ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੋਵਾਂ ਨੂੰ ਲਾਈਨ ਵਿਚ ਹਜ਼ਾਰ ਹੋਣ ਦੇ ਹੁਕਮ ਦਿੱਤੇ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਬਦੀਲੀ ਸਿਰਫ਼ ਆਮ ਤੌਰ ‘ਤੇ ਕੀਤੀ ਗਈ ਹੈ ਨਾ ਕਿ ਕਾਰਵਾਈ ਵਜੋਂ।
ਜਾਣਕਾਰੀ ਮੁਤਾਬਕ ਪੁਲਿਸ ਨੇ ਜਲੰਧਰ ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਸਥਿਤ ਇਕ ਘਰ ‘ਚ ਛਾਪਾ ਮਾਰ ਕੇ ਕੈਨੇਡਾ ਭੇਜਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਕੈਨੇਡਾ ਸਮੇਤ ਕਈ ਦੇਸ਼ਾਂ ਦਾ ਵੀਜ਼ਾ ਲਗਵਾਉਣ ਅਤੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਨੇ ਛਾਪਾ ਮਾਰ ਕੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਸੂਤਰਾਂ ਅਨੁਸਾਰ ਵਿਦੇਸ਼ ਭੇਜਣ ਲਈ ਗ੍ਰੀਨ ਪਾਰਕ ਸਥਿਤ ਇਸ ਘਰ ਵਿਚ ਪਾਸਪੋਰਟ ਅਤੇ ਵੀਜ਼ੇ ਸਮੇਤ ਕਈ ਜਾਅਲੀ ਦਸਤਾਵੇਜ਼ ਬਣਾਏ ਜਾ ਰਹੇ ਸਨ।