ਲੁਧਿਆਣਾ | ਸਾਲ 2018 ਵਿੱਚ ਐਸਟੀਐਫ ਲੁਧਿਆਣਾ ਦੇ ਮੁਖੀ ਹਰਬੰਸ ਸਿੰਘ ਦੀ ਅਗਵਾਈ ਵਿੱਚ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਤਸਕਰ ਕਪਿਲ ਦੇਵ ਅਤੇ ਹਰਦੀਪ ਕੁਮਾਰ ਉਰਫ਼ ਦੀਪਕ ਨੂੰ ਅਦਾਲਤ ਨੇ 12/ 12 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਡੇਢ ਡੇਢ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇੰਸਪੈਕਟਰ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਹਰਦੀਪ ਕੁਮਾਰ ਉਰਫ਼ ਦੀਪਕ ਦੇ ਖ਼ਿਲਾਫ਼ ਪਹਿਲੇ ਤੋਂ ਹੀ ਨਸ਼ਾ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ।
28 ਮਈ 2018 ਐਸਟੀਐਫ ਲੁਧਿਆਣਾ ਦੀ ਟੀਮ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਮਲਹੋਤਰਾ ਚੌਕ ਨਿਊ ਮੋਤੀ ਨਗਰ ਮੌਜੂਦ ਸੀ। ਇਸੇ ਦੌਰਾਨ ਪੁਲਿਸ ਪਾਰਟੀ ਨੇ ਇਕ ਇਨੋਵਾ ਕਾਰ ਗੋਲ ਮਾਰਕੀਟ ਵੱਲੋਂ ਆਉਂਦੀ ਦੇਖੀ। ਕਾਨੂੰਨੀ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਕਾਰ ਸਵਾਰ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਕਪਿਲ ਦੇਵ ਅਤੇ ਇੰਦਰਪੁਰੀ ਦੇ ਰਹਿਣ ਵਾਲੇ ਹਰਦੀਪ ਕੁਮਾਰ ਉਰਫ਼ ਦੀਪਕ ਨੂੰ ਰੋਕ ਕੇ ਜਦ ਕਾਰ ਦੀ ਸੀਟ ਦੀ ਤਲਾਸ਼ੀ ਲਈ ਤਾਂ ਕਾਰ ਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਐਸਟੀਐਫ ਦੀ ਟੀਮ ਨੇ ਮੁਲਜ਼ਮਾਂ ਦੇ ਖਿਲਾਫ ਥਾਣਾ ਮੋਤੀ ਨਗਰ ਵਿੱਚ ਐਫ਼ ਆਈ ਆਰ ਦਰਜ ਕਰਵਾਈ। ਐਸਟੀਐਫ ਦੀ ਪੜਤਾਲ ਅਤੇ ਤਫਤੀਸ਼ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹੀਆਂ ਤੋਂ ਬਾਅਦ ਮਾਣਯੋਗ ਅਦਾਲਤ ਸ਼੍ਰੀ ਸ਼ਿਵ ਮੋਹਨ ਗਰਗ ਵਧੀਕ ਸੈਸ਼ਨ ਜੱਜ ਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ।